ਨਵੀਂ ਦਿੱਲੀ, 13 ਅਕਤੂਬਰ
ਦਿੱਲੀ ਦੰਗਿਆਂ ਦੇ ਕੇਸ ਨਾਲ ਸਬੰਧਤ ਗੋਕੁਲਪੁਰ ਇਲਾਕੇ ਵਿਚ 15 ਸਾਲਾ ਲੜਕੇ ਦੀ ਮਿਲੀ ਲਾਸ਼ ਦੇ ਮਾਮਲੇ ਵਿਚ ਹਾਈ ਕੋਰਟ ਨੇ ਦੋ ਵਿਅਕਤੀਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਲਾਸ਼ ਡਰੇਨ ਵਿਚੋਂ ਮਿਲੀ ਸੀ ਤੇ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਹਾਈ ਕੋਰਟ ਦੇ ਜਸਟਿਸ ਮੁਕਤਾ ਗੁਪਤਾ ਨੇ ਕਿਹਾ ਕਿ ਗਵਾਹਾਂ ਮੁਤਾਬਕ ਉਨ੍ਹਾਂ ਪਟੀਸ਼ਨਕਰਤਾਵਾਂ ਅੰਕਿਤ ਚੌਧਰੀ ਤੇ ਰਿਸ਼ਭ ਚੌਧਰੀ ਨੂੰ ਦੇਖਿਆ ਸੀ ਜਿਨ੍ਹਾਂ ਦੂਜੇ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ, ਇਨ੍ਹਾਂ ਨੂੰ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ। ਜੱਜ ਨੇ ਕਿਹਾ ਕਿ ਪਟੀਸ਼ਨਕਰਤਾ ਅਪਰਾਧ ਵਾਲੀ ਥਾਂ ਦੇ ਬਿਲਕੁਲ ਨੇੜੇ ਰਹਿੰਦੇ ਹਨ, ਕਾਲ ਰਿਕਾਰਡ ਮੁਤਾਬਕ ਉਨ੍ਹਾਂ ਦੀ ਟਾਵਰ ਲੋਕੇਸ਼ਨ ਇਹ ਸਾਬਿਤ ਕਰਨ ਲਈ ਕਾਫ਼ੀ ਨਹੀਂ ਹੈ ਕਿ ਉਹ ਘਟਨਾ ਵਾਲੀ ਥਾਂ ਮੌਜੂਦ ਨਹੀਂ ਸਨ ਕਿਉਂਕਿ ਸ਼ਾਇਦ ਉਹ ਆਪਣੇ ਫੋਨ ਘਰ ਹੀ ਛੱਡ ਗਏ ਹੋਣ। ਇਸਤਗਾਸਾ ਪੱਖ ਦਾ ਕਹਿਣਾ ਹੈ ਕਿ ਜਿਹੜੀ ਦੇਹ ਮਿਲੀ ਸੀ, ਉਸ 15 ਸਾਲਾ ਲੜਕੇ ਦੇ ਸਿਰ ਦੇ ਪਿੱਛੇ ਸੱਟ ਮਾਰੀ ਗਈ ਸੀ। ਦੇਹ ਡਰੇਨ ਵਿਚੋਂ ਪਹਿਲੀ ਮਾਰਚ, 2020 ਨੂੰ ਮਿਲੀ ਸੀ। ਲੜਕੇ ਦੇ ਪਿਤਾ ਨੇ ਉਸ ਦੀ ਪਛਾਣ ਕੱਪੜਿਆਂ ਤੋਂ ਕੀਤੀ ਸੀ। ਅਦਾਲਤ ਨੇ ਕਿਹਾ ਕਿ ਗਵਾਹਾਂ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਕੁਝ ਲੋਕਾਂ ਨੂੰ ਪੁਲ ਉਤੇ ਦੇਖਿਆ ਜੋ ਕਿ ਲੰਘਣ ਵਾਲਿਆਂ ਦੇ ਡਾਂਗਾਂ ਮਾਰ ਰਹੇ ਸਨ, ਰਾਡ ਤੇ ਪੱਥਰ ਵੀ ਮਾਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਇਕ ਲਾਸ਼ ਨੂੰ ਨਾਲੇ ਵਿਚ ਸੁੱਟ ਦਿੱਤਾ। ਗਵਾਹਾਂ ਨੇ ਦੋਵਾਂ ਮੁਲਜ਼ਮਾਂ ਦੀ ਚੰਗੀ ਤਰ੍ਹਾਂ ਸ਼ਨਾਖ਼ਤ ਵੀ ਕਰ ਲਈ ਹੈ। -ਪੀਟੀਆਈ