ਮੁੰਬਈ, 10 ਜੂਨ
ਇਥੇ ਮਾਲਵਾਨੀ ਇਲਾਕੇ ’ਚ ਤਿੰਨ ਮੰਜ਼ਿਲਾ ਇਮਾਰਤ ਦੀਆਂ ਦੋ ਮੰਜ਼ਿਲਾਂ ਡਿੱਗਣ ਕਾਰਨ ਅੱਠ ਬੱਚਿਆਂ ਸਮੇਤ 11 ਵਿਅਕਤੀ ਹਲਾਕ ਹੋ ਗਏ। ਹਾਦਸੇ ’ਚ ਸੱਤ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਹੈ। ਹਾਦਸਾ ਬੁੱਧਵਾਰ ਰਾਤ ਕਰੀਬ ਸਵਾ 11 ਵਜੇ ਅਬਦੁੱਲ ਹਮੀਦ ਰੋਡ ਦੇ ਨਿਊ ਕੁਲੈਕਟਰ ਕੰਪਾਊਂਡ ’ਚ ਵਾਪਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਅਫ਼ਸੋਸ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਤੇ ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ।
ਪੁਲੀਸ ਮੁਤਾਬਕ ਇਮਾਰਤ ਗੈਰਕਾਨੂੰਨੀ ਢੰਗ ਨਾਲ ਉਸਾਰੀ ਗਈ ਸੀ ਅਤੇ ਹਾਦਸੇ ਮਗਰੋਂ ਠੇਕੇਦਾਰ ਨੂੰ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਠੇਕੇਦਾਰ ਅਤੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਹਿਰ ਦੀ ਪੀ-ਨੌਰਥ ਵਾਰਡ ਦੇ ਅਧਿਕਾਰੀ ਸੰਤੋਸ਼ ਧੋਂਦੇ ਨੇ ਕਿਹਾ ਕਿ ਇਮਾਰਤ ਦੀ ਦੂਜੀ ਅਤੇ ਤੀਜੀ ਮੰਜ਼ਿਲ ਨਾਲ ਬਣੇ ਘਰ ਉਪਰ ਡਿੱਗ ਗਈ। ਬੀਐੱਮਸੀ ਅਧਿਕਾਰੀ ਨੇ ਕਿਹਾ ਕਿ ਹਾਦਸੇ ਮਗਰੋਂ ਫਾਇਰ ਬ੍ਰਿਗੇਡ ਅਤੇ ਹੋਰ ਏਜੰਸੀਆਂ ਮੌਕੇ ’ਤੇ ਪਹੁੰਚੀਆਂ ਅਤੇ ਉਨ੍ਹਾਂ ਖੋਜ ਅਤੇ ਬਚਾਅ ਕਾਰਜ ਆਰੰਭੇ। ਸੰਯੁਕਤ ਕਮਿਸ਼ਨਰ ਆਫ਼ ਪੁਲੀਸ ਵਿਸ਼ਵਾਸ ਨਾਂਗਰੇ ਪਾਟਿਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਮਾਰਤ ਗੈਰਕਾਨੂੰਨੀ ਢੰਗ ਨਾਲ ਉਸਾਰੀ ਗਈ ਸੀ ਅਤੇ ਇਸ ਦੇ ਢਾਂਚੇ ’ਚ ਕਈ ਖਾਮੀਆਂ ਸਨ। ਪਿਛਲੇ ਮਹੀਨੇ ਚੱਕਰਵਾਤੀ ਤੂਫ਼ਾਨ ਤਾਊਤੇ ਦੌਰਾਨ ਵੀ ਇਮਾਰਤ ਨੂੰ ਕੁਝ ਨੁਕਸਾਨ ਪਹੁੰਚਿਆ ਸੀ ਅਤੇ ਜੇਕਰ ਕੁਝ ਇਹਤਿਆਤੀ ਕਦਮ ਚੁੱਕੇ ਹੁੰਦੇ ਤਾਂ ਹਾਦਸੇ ਤੋਂ ਬਚਾਅ ਹੋ ਸਕਦਾ ਸੀ। -ਪੀਟੀਆਈ