ਨਵੀਂ ਦਿੱਲੀ, 27 ਜਨਵਰੀ
ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੇ ਆਖਰੀ ਹਫ਼ਤਿਆਂ ਦੌਰਾਨ ਦੋ ਘਟਨਾਵਾਂ ਨੇ ਕੁਝ ਵਰਗਾਂ ’ਚ ਨਾਰਾਜ਼ਗੀ ਪੈਦਾ ਕੀਤੀ ਅਤੇ ਸਮਝਿਆ ਗਿਆ ਕਿ ਇਨ੍ਹਾਂ ਦੇ ਕੁਝ ਲੁਕੇ ਹੋਏ ਅਰਥ ਸਨ। ਉੱਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਪੀਕਰ ਵਜੋਂ ਸ੍ਰੀ ਅੰਸਾਰੀ ਦਾ ਕਾਰਜਕਾਲ 10 ਅਗਸਤ 2017 ਨੂੰ ਪੂਰਾ ਹੋਇਆ ਸੀ। ਉਹ 2007 ਤੋਂ 2017 ਤੱਕ ਇਸ ਅਹੁਦੇ ’ਤੇ ਰਹੇ। ਉਨ੍ਹਾਂ ਆਪਣੀ ਨਵੀਂ ਕਿਤਾਬ ‘ਬਾਈ ਮੈਨੀ ਏ ਹੈੱਪੀ ਐਕਸੀਡੈਂਟ: ਰੀਕੁਲੈਕਸ਼ਨ ਆਫ ਏ ਲਾਈਫ’ ’ਚ ਆਪਣੇ ਸਿਆਸੀ ਜੀਵਨ ਅਤੇ ਰਾਜ ਸਭਾ ’ਚ ਸਪੀਕਰ ਵਜੋਂ ਆਪਣੇ ਕਈ ਤਜਰਬਿਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ, ‘ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਮੇਰੇ ਕਾਰਜਕਾਲ ਦੇ ਆਖਰੀ ਹਫ਼ਤੇ ’ਚ ਦੋ ਘਟਨਾਵਾਂ ਨੇ ਕੁਝ ਵਰਗਾਂ ’ਚ ਨਾਰਾਜ਼ਗੀ ਪੈਦਾ ਕੀਤੀ ਅਤੇ ਸਮਝਿਆ ਗਿਆ ਕਿ ਉਨ੍ਹਾਂ ਕੁਝ ਲੁਕਵੇਂ ਅਰਥ ਸਨ।’ ਪਹਿਲੀ ਘਟਨਾ ਬੰਗਲੂਰੂ ਦੇ ਨੈਸ਼ਨਲ ਲਾਅ ਸਕੂਲ ਆਫ ਯੂਨੀਵਰਸਿਟੀ ਦੀ 25ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰਨ ਨਾਲ ਸਬੰਧਤ ਸੀ ਜਿਸ ’ਚ ਉਨ੍ਹਾਂ ਸਹਿਣਸ਼ੀਲਤਾ ਤੋਂ ਅੱਗੇ ਜਾ ਕੇ ਸਵੀਕਾਰ ਕਰਨ ਦੇ ਪੱਧਰ ’ਤੇ ਗੱਲਬਾਤ ਰਾਹੀਂ ਸਦਭਾਵਨਾ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਕਿਉਂਕਿ ਭਾਰਤੀ ਸਮਾਜ ਦੇ ਵੱਖ ਵੱਖ ਵਰਗਾਂ ’ਚ ਅਸੁਰੱਖਿਆ ਦਾ ਖਦਸ਼ਾ ਵੱਧ ਰਿਹਾ ਹੈ। ਦੂਜੀ ਘਟਨਾ ਰਾਜ ਸਭਾ ਟੀਵੀ ’ਤੇ ਕਰਨ ਥਾਪਰ ਨੂੰ ਦਿੱਤੀ ਗਈ ਇੰਟਰਵਿਊ ਸੀ ਜਿਸ ’ਚ ਉਪ ਰਾਸ਼ਟਰਪਤੀ ਦੇ ਕੰਮ ਦੇ ਪਹਿਲੂਆਂ ’ਤੇ ਗੱਲਬਾਤ ਕੀਤੀ ਗਈ। ਇਸ ’ਚ ਰਾਸ਼ਟਰਵਾਦ ਤੇ ਭਾਰਤੀ ਸਿਆਸਤ ’ਚ ਮੁਸਲਮਾਨਾਂ ਬਾਰੇ ਬਣੀਆਂ ਧਾਰਨਾਵਾਂ ਬਾਰੇ ਸਵਾਲ ਸ਼ਾਮਲ ਸਨ।
-ਪੀਟੀਆਈ