ਸ੍ਰੀਨਗਰ/ਜੰਮੂ, 6 ਦਸੰਬਰ
ਦਹਿਸ਼ਤਗਰਦਾਂ ਵੱਲੋਂ ਅੱਜ ਸ੍ਰੀਨਗਰ ਸ਼ਹਿਰ ਦੇ ਹਵਾਲ ਖੇਤਰ ਵਿੱਚ ਪੁਲੀਸ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਵਿੱਚ ਇਕ ਆਮ ਨਾਗਰਿਕ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਹਵਾਲਾ ਚੌਕ ਵਿੱਚ ਤਾਇਨਾਤ ਪੁਲੀਸ ਟੁਕੜੀ ’ਤੇ ਗੋਲੀਆਂ ਚਲਾਈਆਂ। ਹਮਲੇ ਵਿੱਚ ਇਕ ਪੁਲੀਸ ਮੁਲਾਜ਼ਮ ਤੇ ਆਮ ਨਾਗਰਿਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਮਲੇ ਤੋਂ ਫੌਰੀ ਮਗਰੋਂ ਪੁਲੀਸ ਨੇ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ।
ਇਸ ਦੌਰਾਨ ਪਾਕਿਸਤਾਨੀ ਫੌਜ ਨੇ ਜੰਮੂ ਤੇ ਕਸ਼ਮੀਰ ਦੇ ਪੁਣਛ ਤੇ ਕਠੂਆਂ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਦੇ ਨਾਲ ਮੂਹਰਲੀਆਂ ਚੋਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ ਤੇ ਮੋਰਟਾਰ ਦਾਗੇ। ਅਧਿਕਾਰੀਆਂ ਨੇ ਕਿਹਾ ਕਿ ਪਾਕਿ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਗੋਲੀਬਾਰੀ ਕਰਕੇ ਹਾਲ ਦੀ ਘੜੀ ਕਿਸੇ ਜਾਨੀ ਜਾਂ ਮੁਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਪਾਕਿਸਤਾਨ ਨੇ ਅੱਜ ਦੁਪਹਿਰੇ ਸਾਢੇ ਬਾਰ੍ਹਾਂ ਵਜੇ ਦੇ ਕਰੀਬ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਭਾਰਤੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਉਧਰ ਪਾਕਿਸਤਾਨੀ ਰੇਂਜਰਾਂ ਨੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿੱਚ ਵੀ ਕੌਮਾਂਤਰੀ ਸਰਹੱਦ ਦੇ ਨਾਲ ਪੰਸਾਰ ਸਰਹੱਦੀ ਚੌਕੀ ’ਤੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਤਰਜਮਾਨ ਨੇ ਕਿਹਾ ਦੁਵੱਲੀ ਫਾਇਰਿੰਗ ਸ਼ਨਿੱਚਰਵਾਰ ਰਾਤ ਸਵਾ ਦਸ ਵਜੇ ਦੇ ਕਰੀਬ ਸ਼ੁਰੂ ਹੋਈ, ਜੋ ਐਤਵਾਰ ਤੜਕੇ ਢਾਈ ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਸਲਾਮਤੀ ਦਸਤਿਆਂ ਨੇ ਕੰਟਰੋਲ ਰੇਖਾ ਉਲੰਘ ਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਈਆਂ ਮਕਬੂਜ਼ਾ ਕਸ਼ਮੀਰ ਨਾਲ ਸਬੰਧਤ ਦੋ ਨਾਬਾਲਗ ਭੈਣਾਂ ਨੂੰ ਹਿਰਾਸਤ ਵਿੱਚ ਲਿਆ ਹੈ। ਭੈਣਾਂ ਦੀ ਪਛਾਣ ਲਾਇਬਾ ਜ਼ਬੇਰ (17) ਤੇ ਸਨਾ ਜ਼ਬੇਰ (13) ਵਾਸੀ ਅੱਬਾਸਪੁਰ, ਤਹਿਸੀਲ ਕਠੂਆ (ਮਕਬੂਜ਼ਾ ਕਸ਼ਮੀਰ) ਵਜੋਂ ਦੱਸੀ ਗਈ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਦੋਵਾਂ ਭੈਣਾਂ ਨੂੰ ਜਲਦੀ ਹੀ ਵਾਪਸ ਭੇਜ ਦਿੱਤਾ ਜਾਵੇਗਾ। -ਪੀਟੀਆਈ