ਗੋਪੇਸ਼ਵਰ, 5 ਜੁਲਾਈ
ਇੱਥੇ ਚਮੋਲੀ ਜ਼ਿਲ੍ਹੇ ਵਿੱਚ ਬਦਰੀਨਾਥ ਨੇੜੇ ਇੱਕ ਕਾਰ ਖੱਡ ਵਿੱਚ ਡਿੱਗਣ ਕਾਰਨ ਉਸ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਲਾਪਤਾ ਹੈ। ਜੋਸ਼ੀਮੱਠ ਦੇ ਤਹਿਸੀਲਦਾਰ ਰਵੀ ਸ਼ਾਹ ਨੇ ਦੱਸਿਆ ਕਿ ਅੱਜ ਸਵੇਰੇ ਰਡਾਂਗ ਮੋੜ ਨੇੜੇ ਇੱਕ ਕਾਰ 250 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਬਾਰੇ ਸੂਚਨਾ ਮਿਲਣ ਮਗਰੋਂ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਦੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ। ਇਸ ਦੌਰਾਨ ਅਰੁਣ (34) ਵਾਸੀ ਸਹਸਤਰਧਾਰਾ (ਦੇਹਰਾਦੂਨ) ਅਤੇ ਕੁਮਾਰੀ ਮੋਨਾ (26) ਵਾਸੀ ਸੰਭਲ (ਉੱਤਰ ਪ੍ਰਦੇਸ਼) ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਕਾਰ ਵਿੱਚ ਸਵਾਰ ਇੱਕ ਹੋਰ ਔਰਤ ਕੁਮਾਰੀ ਪ੍ਰੇਮਲਤਾ (30) ਦੀ ਭਾਲ ਕੀਤੀ ਜਾ ਰਹੀ ਹੈ। ਸ਼ਾਹ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੀਟੀਆਈ