ਭੁਬਨੇਸ਼ਵਰ, 18 ਜੁਲਾਈ
ਦੋ ਕੱਟੜ ਮਾਓਵਾਦੀਆਂ ਨੇ ਅੱਜ ਉੜੀਸਾ ਪੁਲੀਸ ਕੋਲ ਆਤਮਸਮਰਪਣ ਕਰ ਦਿੱਤਾ। ਦੋਵਾਂ ’ਤੇ ਤਿੰਨ ਲੱਖ ਰੁਪਏ ਦਾ ਇਨਾਮ ਸੀ। ਪੁਲੀਸ ਨੇ ਦੱਸਿਆ ਕਿ ਰਾਮੇ ਪੋਦਿਆਮੀ ਉਰਫ਼ ਸਬੀਤਾ ਸੀਪੀਆਈ (ਮਾਓਵਾਦੀ) ਦੀ ਏਰੀਆ ਕਮੇਟੀ ਮੈਂਬਰ ਤੇ ਪੱਲਾਚਲਮ ਵਿੱਚ ਲੋਕਲ ਜਥੇਬੰਦਕ ਸਕੁਐਡ (ਐੱਲਓਸੀ) ਕਮਾਂਡਰ ਸੀ, ਜਦੋਂਕਿ ਰਾਏਧਰ ਧੁਰੂਆ ਪਾਰਟੀ ਮੈਂਬਰ ਵਜੋਂ ਕੰਮ ਕਰ ਰਹੀ ਸੀ। ਸਬੀਤਾ ਦੇ ਸਿਰ ’ਤੇ ਦੋ ਲੱਖ ਅਤੇ ਰਾਏਧਰ ਉਤੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਸੀ। ਦੋਵਾਂ ਨੇ ਅੱਜ ਸਵੇਰੇ ਡੀਜੀਪੀ ਅਭੈ ਦੀ ਮੌਜੂਦਗੀ ਵਿੱਚ ਮਲਕਾਨਗਿਰੀ ਐੱਸਪੀ ਦਫ਼ਤਰ ਵਿੱਚ ਆਤਮਸਮਰਪਣ ਕੀਤਾ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਆਤਮਸਮਰਪਣ ਮਾਓਵਾਦੀਆਂ ਵਿੱਚ ਕਰੋਨਾ ਫੈਲਣ ਦੇ ਮੱਦੇਨਜ਼ਰ ਕੀਤਾ ਗਿਆ ਹੈ। -ਪੀਟੀਆਈ