ਨਵੀਂ ਦਿੱਲੀ, 5 ਸਤੰਬਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਅੰਤਰਰਾਜੀ ਤਸਕਰ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 4.2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਸਪੈਸ਼ਲ ਸੈੱਲ ਦੇ ਡੀਸੀਪੀ ਜਸਮੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਤਿਰਲੋਕ ਚੰਦ ਤੇ ਲਾਲ ਚੰਦ ਵਜੋਂ ਹੋਈ ਹੈ ਜਿਨ੍ਹਾਂ ਤਾਰ ਮੱਧ ਪ੍ਰਦੇਸ਼ ਵਿੱਚ ਜੁੜੇ ਹੋਏ ਹਨ। ਬਰਾਮਦ ਕੀਤੀ ਹੈਰੋਇਨ ਦੀ ਕੀਮਤ ਲਗਪਗ 21 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਜਣੇ ਕਈ ਸਾਲਾਂ ਤੋਂ ਦਿੱਲੀ-ਐੱਨਸੀਆਰ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਹੈਰੋਇਨ ਸਪਲਾਈ ਕਰ ਰਹੇ ਸਨ। ਉਨ੍ਹਾਂ ਦੱਸਿਆ ਪੁਲੀਸ ਟੀਮ ਮੱਧ ਪ੍ਰਦੇਸ਼ ਅਧਾਰਿਤ ਅੰਤਰਰਾਜੀ ਨਸ਼ਾ ਤਸਕਰ ਗਰੋਹ ਦਾ ਪਤਾ ਲਾਉਣ ’ਚ ਜੁਟੀ ਹੋਈ ਸੀ ਜਿਸ ਦੌਰਾਨ ਪਤਾ ਲੱਗਾ ਕਿ ਗਰੋਹ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ ਤੇ ਦਿੱਲੀ-ਐੱਨਸੀਆਰ ਵਿੱਚ ਸਰਗਰਮ ਹੈ। ਅਧਿਕਾਰੀਆਂ ਮੁਤਾਬਕ ਸੂਹ ਦੇ ਅਧਾਰ ’ਤੇ ਉਕਤ ਦੋਵਾਂ ਜਣਿਆਂ ਨੂੰ ਅੰਤਰਰਾਜੀ ਬੱਸ ਅੱਡਾ ਸਰਾਏ ਕਾਲੇ ਖਾਂ ਤੋਂ 28 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਨਸ਼ਾ ਦੇ ਖੇਪ ਦੀ ਡਿਲਿਵਰੀ ਦੇਣ ਆਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਮੱਧ ਪ੍ਰਦੇਸ਼ ਤੋਂ ਹੈਰੋਇਨ ਖਰੀਦ ਕੇ ਦਿੱਲੀ-ਐੱਨਸੀਆਰ, ਰਾਜਸਥਾਨ, ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਸਪਲਾਈ ਕਰਦੇ ਸਨ। -ਏਜੰਸੀ