ਜੰਮੂ, 11 ਅਕਤੂਬਰ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇਸੀਓ) ਸਣੇ ਫ਼ੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ। ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸੁਰਨਕੋਟ ਵਿਚ ਡੀਕੇਜੀ ਕੋਲ ਇਕ ਪਿੰਡ ਵਿਚ ਤੜਕੇ ਇਕ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਕ ਜੇਸੀਓ ਅਤੇ ਚਾਰ ਹੋਰ ਫ਼ੌਜੀ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ ਪੰਜ ਦੇ ਪੰਜ ਜਵਾਨਾਂ ਦੀ ਬਾਅਦ ਵਿਚ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਬੁਲਾਰੇ ਨੇ ਕਿਹਾ ਕਿ ਆਖ਼ਰੀ ਰਿਪੋਰਟ ਮਿਲਣ ਤੱਕ ਮੁਕਾਬਲਾ ਜਾਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਭਾਰੀ ਹਥਿਆਰਾਂ ਦੇ ਨਾਲ ਅਤਿਵਾਦੀਆਂ ਦੇ ਕੰਟਰੋਲ ਰੇਖਾ ਪਾਰ ਕਰ ਕੇ ਚਰਮੇਰ ਦੇ ਜੰਗਲਾਂ ਵਿਚ ਛੁਪੇ ਹੋਣ ਦੀ ਖ਼ਬਰ ਮਿਲੀ ਸੀ। ਮੌਕੇ ਉੱਤੇ ਵਾਧੂ ਫੋਰਸ ਭੇਜੀ ਗਈ ਹੈ ਤਾਂ ਜੋ ਅਤਿਵਾਦੀਆਂ ਦੇ ਨਿਕਲਣ ਦੇ ਸਾਰੇ ਰਸਤੇ ਬੰਦ ਕੀਤੇ ਜਾ ਸਕਣ। -ਪੀਟੀਆਈ