ਨਵੀਂ ਦਿੱਲੀ, 7 ਅਕਤੂਬਰ
ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ’ਤੇ 9 ਮਈ ਨੂੰ ਹੋਏ ਆਰਪੀਜੀ ਹਮਲੇ ਦੇ ਸਬੰਧ ’ਚ ਦਿੱਲੀ ਪੁਲੀਸ ਨੇ ਇਕ ਨਾਬਾਲਗ ਸਮੇਤ ਦੋ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਨਾਬਾਲਗ ਨੂੰ ਅਦਾਕਾਰ ਸਲਮਾਨ ਖ਼ਾਨ ਨੂੰ ਮਾਰ ਮੁਕਾਉਣ ਦਾ ਕੰਮ ਵੀ ਸੌਂਪਿਆ ਗਿਆ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਹਰਿਆਣਾ ’ਚ 4 ਅਗਸਤ ਨੂੰ ਮਿਲੇ ਆਈਈਡੀ ਦੇ ਸਬੰਧ ’ਚ ਅਰਸ਼ਦੀਪ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਨੇ ਨਾਬਾਲਗ ਨੂੰ ਦੀਪਕ ਸੁਰਾਖਪੁਰ (ਭਗੌੜਾ) ਅਤੇ ਮੋਨੂ ਡਾਗਰ (ਜੇਲ੍ਹ ’ਚ ਬੰਦ) ਦੇ ਨਾਲ ਸਲਮਾਨ ਖ਼ਾਨ ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਜਾਂਚ ਦੌਰਾਨ ਇਹ ਪਤਾ ਲੱਗਾ ਕਿ ਮੁਹਾਲੀ ’ਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਕੀਤੇ ਗਏ ਹਮਲੇ ਦੀ ਸਾਜ਼ਿਸ਼ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੇ ਪਾਕਿਸਤਾਨ ਦੀ ਆਈਐੱਸਆਈ ਅਤੇ ਸਥਾਨਕ ਗੈਂਗਸਟਰਾਂ ਦੀ ਹਮਾਇਤ ਨਾਲ ਘੜੀ ਸੀ। ਫੜਿਆ ਗਿਆ ਨਾਬਾਲਗ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਦਾ ਵਸਨੀਕ ਹੈ। ਸਪੈਸ਼ਲ ਕਮਿਸ਼ਨਰ ਆਫ਼ ਪੁਲੀਸ (ਸਪੈਸ਼ਲ ਸੈੱਲ) ਐੱਚ ਜੀ ਐੱਸ ਧਾਲੀਵਾਲ ਨੇ ਦੱਸਿਆ ਕਿ ਹਮਲੇ ਦੀ ਸਾਜ਼ਿਸ਼ ਗੈਂਗਸਟਰ ਤੋਂ ਆਈਐੱਸਆਈ ਦਾ ਹੱਥਠੋਕਾ ਬਣੇ ਹਰਵਿੰਦਰ ਸਿੰਘ ਉਰਫ਼ ਰਿੰਦਾ ਵੱਲੋਂ ਘੜੀ ਗਈ ਸੀ। ‘ਇਕ ਹੋਰ ਭਗੌੜੇ ਕੈਨੇਡਾ ਆਧਾਰਿਤ ਅਤਿਵਾਦੀ ਲਖਬੀਰ ਸਿੰਘ ਲੰਡਾ ਨੇ ਰਿੰਦਾ ਨਾਲ ਹੱਥ ਮਿਲਾਉਂਦਿਆਂ ਬੰਦੇ, ਇਲਾਕੇ ਦੀ ਜਾਣਕਾਰੀ ਅਤੇ ਹੋਰ ਵਸੀਲੇ ਮੁਹੱਈਆ ਕਰਵਾਏ ਸਨ।’ ਰਿੰਦਾ ਦਾ ਨਾਮ ਪਹਿਲਾਂ ਹੀ ਨਵਾਂਸ਼ਹਿਰ ’ਚ ਸੀਆਈਏ ਦੇ ਦਫ਼ਤਰ ’ਤੇ ਹੋਏ ਗਰਨੇਡ ਹਮਲੇ ’ਚ ਵੀ ਆਇਆ ਸੀ। ਨਾਬਾਲਿਗ ਨਾਂਦੇੜ (ਮਹਾਰਾਸ਼ਟਰ) ’ਚ ਬਿਲਡਰ ਸੰਜੈ ਬਯਾਨੀ ਅਤੇ ਗੈਂਗਸਟਰ ਰਾਣਾ ਕੰਦੋਵਾਲੀਆ ਦੀਆਂ ਹੱਤਿਆਵਾਂ ਦੇ ਮਾਮਲੇ ’ਚ ਵੀ ਲੋੜੀਂਦਾ ਸੀ। ਤਰਨ ਤਾਰਨ ਵਾਸੀ ਅਰਸ਼ਦੀਪ ਸਿੰਘ ਕੁਰੂਕਸ਼ੇਤਰ ’ਚ ਆਈਈਡੀ ਰਿਕਵਰੀ ਕੇਸ ਅਤੇ ਤਰਨ ਤਾਰਨ ’ਚ ਨਸ਼ੇ ਤੇ ਹਥਿਆਰਾਂ ਦੀ ਸਪਲਾਈ ਨਾਲ ਸਬੰਧਤ ਕੇਸਾਂ ’ਚ ਲੋੜੀਂਦਾ ਸੀ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਪੁਲੀਸ ਨੇ ਗੈਂਗਸਟਰਾਂ ਦੇ ਸਥਾਨਕ ਨੈੱਟਵਰਕ ਤੋਂ ਵੇਰਵੇ ਇਕੱਤਰ ਕੀਤੇ ਜਿਨ੍ਹਾਂ ਹਮਲਾਵਰਾਂ ਨੂੰ ਇਲਾਕੇ ਦੀ ਜਾਣਕਾਰੀ ਮੁਹੱਈਆ ਕਰਵਾਈ ਸੀ। ‘ਜਾਂਚ ਦੌਰਾਨ ਪੁਲੀਸ ਨੇ ਅਰਸ਼ਦੀਪ ਸਿੰਘ ਅਤੇ ਨਾਬਾਲਗ ਨੂੰ ਗੁਜਰਾਤ ਦੇ ਜਾਮਨਗਰ ਤੋਂ ਗ੍ਰਿਫ਼ਤਾਰ ਕਰ ਲਿਆ।’ ਉਨ੍ਹਾਂ ਕਿਹਾ ਕਿ ਅਰਸ਼ਦੀਪ ਅਤੇ ਨਾਬਾਲਗ ਦੇ ਫੜੇ ਜਾਣ ਨਾਲ ਰਿੰਦਾ ਅਤੇ ਲੰਡਾ ਦੇ ਗੱਠਜੋੜ ਦਾ ਪਰਦਾਫਾਸ਼ ਹੋ ਗਿਆ ਹੈ। ਨਾਬਾਲਗ, ਰਿੰਦਾ ਅਤੇ ਅਰਸ਼ਦੀਪ, ਲੰਡਾ ਦੇ ਸੰਪਰਕ ’ਚ ਸੀ। ਪੁਲੀਸ ਮੁਤਾਬਕ ਨਾਬਾਲਗ ਨੇ ਖ਼ੁਲਾਸਾ ਕੀਤਾ ਕਿ ਲਾਰੈਂਸ ਬਿਸ਼ਨੋਈ ਨੇ ਉਸ ਨੂੰ ਸੁਰਾਖਪੁਰ ਅਤੇ ਡਾਗਰ ਨੂੰ ਸਲਮਾਨ ਖ਼ਾਨ ਨੂੰ ਮਾਰ ਮੁਕਾਉਣ ਦਾ ਕੰਮ ਸੌਂਪਿਆ ਸੀ। ਪਰ ਬਾਅਦ ’ਚ ਉਨ੍ਹਾਂ ਸਲਮਾਨ ਦੀ ਬਜਾਏ ਕੰਦੋਵਾਲੀਆ ਨੂੰ ਮੁੱਖ ਨਿਸ਼ਾਨਾ ਬਣਾਇਆ ਸੀ। ਪੁਲੀਸ ਨੇ ਕਿਹਾ ਕਿ ਆਰਪੀਜੀ ਹਮਲੇ ਲਈ ਰਿੰਦਾ ਨੇ ਉਨ੍ਹਾਂ ਨੂੰ ਵੱਖ ਵੱਖ ਤਰੀਕਿਆਂ ਰਾਹੀਂ ਪੈਸੇ ਭੇਜੇ ਸਨ। ਬਿਲਡਰ ਦੀ ਹੱਤਿਆ ਲਈ ਉਨ੍ਹਾਂ ਨੂੰ 9 ਲੱਖ ਰੁਪਏ ਮਿਲੇ ਸਨ। -ਪੀਟੀਆਈ