ਰਾਂਚੀ:
ਝਾਰਖੰਡ ਅਸੈਂਬਲੀ ਸਪੀਕਰਜ਼ ਟ੍ਰਿਬਿਊਨਲ ਨੇ ਦਲ-ਬਦਲੀ ਕਾਨੂੰਨ ਤਹਿਤ ਦੋ ਵਿਧਾਇਕਾਂ ਨੂੰ 26 ਜੁਲਾਈ ਤੋਂ ਅਯੋਗ ਕਰਾਰ ਦਿੱਤਾ ਹੈ। ਝਾਰਖੰਡ ਮੁਕਤੀ ਮੋਰਚਾ ਦੇ ਲੋਬਿਨ ਹੇਮਬਰੋਮ ਤੇ ਕਾਂਗਰਸ ਦੇ ਜੈਪ੍ਰਕਾਸ਼ ਭਾਈ ਪਟੇਲ ਨੂੰ ਸਦਨ ’ਚੋਂ ਅਯੋਗ ਕਰਾਰ ਦੇਣ ਦਾ ਫੈਸਲਾ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਛੇ ਰੋਜ਼ਾ ਮੌਨਸੂਨ ਇਜਲਾਸ ਦੀ ਪੂਰਬਲੀ ਸੰਧਿਆ ਲਿਆ ਗਿਆ ਹੈ। ਝਾਰਖੰਡ ਮੁਕਤੀ ਮੋਰਚਾ ਤੇ ਭਾਜਪਾ ਨੇ ਕ੍ਰਮਵਾਰ ਹੇਮਬਰੋਮ ਤੇ ਪਟੇਲ ਖਿਲਾਫ਼ ਦਲ-ਬਦਲੀ ਕਾਨੂੰਨ ਤਹਿਤ ਸਪੀਕਰ’ਜ਼ ਟ੍ਰਿਬਿਊਨਲ ਵਿਚ ਕਾਰਵਾਈ ਆਰੰਭੀ ਸੀ। ਹੇਮਬਰੋਮ ਨੇ ਰਾਜਮਹਿਲ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਝਾਰਖੰਡ ਮੁਕਤੀ ਮੋਰਚਾ ਦੇ ਅਧਿਕਾਰਤ ਉਮੀਦਵਾਰ ਵਿਜੈ ਹਾਂਸਦਕ ਨੂੰ ਚੁਣੌਤੀ ਦਿੱਤੀ ਸੀ। ਉਧਰ ਪਟੇਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋ ਕੇ ਹਜ਼ਾਰੀਬਾਗ ਸੀਟ ਤੋਂ ਚੋਣ ਲੜੀ ਸੀ। ਹਾਲਾਂਕਿ ਦੋਵੇਂ ਚੋਣ ਹਾਰ ਗਏ ਸਨ। ਅਸੈਂਬਲੀ ਸਪੀਕਰ ਰਬਿੰਦਰ ਨਾਥ ਮਾਹਤੋ ਨੇ ਦੋਵਾਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਫੈਸਲਾ ਅੱਜ ਸੁਣਾਇਆ। -ਪੀਟੀਆਈ