ਮੈਨਪੁਰੀ/ਅਲੀਗੜ੍ਹ, 14 ਜੂਨ
ਅਨਾਮਿਕਾ ਸ਼ੁਕਲਾ ਮਾਮਲੇ ਦੀ ਜਾਂਚ ਵਿਚਾਲੇ ਮੈਨਪੁਰੀ ਅਤੇ ਅਲੀਗੜ੍ਹ ਵਿੱਚ ਅਨਾਮਿਕਾ ਦੇ ਨਾਂ ’ਤੇ ਨੌਕਰੀ ਕਰ ਰਹੀਆਂ ਦੋ ਅਧਿਆਪਕਾਵਾਂ ਨੂੰ ਐਸਟੀਐਫ ਨੇ ਗ੍ਰਿਫ਼ਤਾਰ ਕੀਤਾ ਹੈ। ਮੈਨਪੁਰੀ ਦੇ ਡੀਐਮ ਮਹਿੰਦਰ ਬਹਾਦੁਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੇਵਰ ਥਾਣੇ ਅਧੀਨ ਆਉਂਦੇ ਇਲਾਕੇ ਦੀ ਵਸਨੀਕ ਅਨੀਤਾ ਦੇਵੀ ਨਾਂ ਦੀ ਅਧਿਆਪਕਾ ਨੂੰ ਪੁਲੀਸ ਨੇ ਸ਼ੁਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਨੀਤਾ ਅੰਬੇਡਕਰ ਨਗਰ ਜ਼ਿਲ੍ਹੇ ਦੇ ਰਾਮਨਗਰ ਸਥਿਤ ਕਸਤੂਰਬਾ ਗਾਂਧੀ ਗਰਲਜ਼ ਵਿਦਿਆਲਾ ਵਿੱਚ ਅਨਾਮਿਕਾ ਸ਼ੁਕਲਾ ਬਣ ਕੇ ਬੀਤੇ ਇਕ ਵਰ੍ਹੇ ਤੋਂ ਨੌਕਰੀ ਕਰ ਰਹੀ ਸੀ ਅਤੇ ਉਸ ਨੇ ਪੁਸ਼ਪੇਂਦਰ ਸਿੰਘ ਨਾਂ ਦੇ ਵਿਅਕਤੀ ਦੀ ਮਦਦ ਨਾਲ ਅਨਾਮਿਕਾ ਦੇ ਦਸਤਾਵੇਜ਼ਾਂ ਦਾ ਗਲਤ ਇਸਤੇਮਾਲ ਕਰਕੇ ਇਹ ਨੌਕਰੀ ਹਾਸਿਲ ਕੀਤੀ ਸੀ। ਅਨੀਤਾ ਨੇ ਪੁਲੀਸ ਨੂੰ ਦੱਸਿਆ ਕਿ ਪੁਸ਼ਪੇਂਦਰ ਉਸ ਨੂੰ ਮਿਲਣ ਵਾਲੀ 22000 ਰੁਪਏ ਪ੍ਰਤੀ ਮਹੀਨੇ ਦੀ ਤਨਖਾਹ ਵਿਚੋਂ ਉਸ ਨੂੰ ਸਿਰਫ 10000 ਰੁਪਏ ਦਿੰਦਾ ਸੀ ਤੇ ਬਾਕੀ ਆਪ ਰਖ ਲੈਂਦਾ ਸੀ। ਪੁਲੀਸ ਨੇ ਪੁਸ਼ਪੇਂਦਰ ਦੀ ਭਾਲ ਆਰੰਭ ਦਿੱਤੀ ਹੈ। ਉਧਰ, ਅਲੀਗੜ੍ਹ ਵਿੱਚ ਵੀ ਅਨਾਮਿਕਾ ਸ਼ੁਕਲਾ ਦੇ ਦਸਤਾਵੇਜ਼ਾਂ ’ਤੇ ਨੌਕਰੀ ਕਰਦੀ ਇਕ ਅਧਿਆਪਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਅਧਿਆਪਕਾ ਦੀ ਪਛਾਣ ਬਬਲੀ ਯਾਦਵ ਦੱਸੀ ਗਈ ਹੈ। ਬਬਲੀ ਨੂੰ ਬਿਜੌਲੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਇਸ ਪਿੰਡ ਵਿੱਚ ਸਥਿਤ ਕਸਤੂਰਬਾ ਗਾਂਧੀ ਗਰਲਜ਼ ਸਕੂਲ ਵਿੱਚ ਨੌਕਰੀ ਕਰ ਰਹੀ ਸੀ। ਉਸ ਨੇ ਮੰਨਿਆ ਕਿ ਉਸ ਦੀ ਨਣਦ ਸਰਿਤਾ ਯਾਦਵ ਨੇ ਵੀ ਅਨਾਮਿਕਾ ਸ਼ੁਕਲਾ ਦੇ ਨਾਂ ਨਾਲ ਨੌਕਰੀ ਹਾਸਿਲ ਕੀਤੀ ਅਤੇ ਉਹ ਪ੍ਰਯਾਗਰਾਜ ਦੇ ਸੋਰਨ ਸਥਿਤ ਇਕ ਕਾਲਜ ਵਿੱਚ ਪੜ੍ਹਾਉਂਦੀ ਹੈ। ਉਸ ਨੇ ਦੰਸਿਆ ਕਿ ਉਸ ਨੇ ਆਪਣੇ ਦਿਓਰ ਬੱਲੂ ਯਾਦਵ ਦੀ ਮਦਦ ਨਾਲ ਪੁਰਸ਼ੋਤਮ ਉਰਫ ਗੁਰੂ ਅਤੇ ਉਸ ਦੀ ਦੋਸਤ ਰਾਜ ਬੇਟੀ ਨਾਲ ਜਾਣ ਪਛਾਣ ਬਣਾਈ ਅਤੇ ਉਨ੍ਹਾਂ ਨੇ ਉਸ ਨੂੰ ਅਨਾਮਿਕਾ ਸ਼ੁਕਲਾ ਦੇ ਨਾਂ ਹੇਠ ਫਰਜ਼ੀ ਦਸਤਾਵੇਜ਼ ਹਾਸਲ ਕਰਨ ਵਿੱਚ ਮਦਦ ਕੀਤੀ। ਵਿਸ਼ੇਸ਼ ਜਾਂਚ ਟੀਮ ਅਨਾਮਿਕਾ ਸ਼ੁਕਲਾ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਫਰਜ਼ੀ ਤਰੀਕੇ ਨਾਲ ਨੌਕਰੀ ਹਾਸਿਲ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭਰਤੀ ਹੋਏ ਅਧਿਆਪਕਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਲਈ ਅਧਿਕਾਰੀਆਂ ਨੂੰ ਵਿਸ਼ੇਸ਼ ਟੀਮ ਬਣਾਉਣ ਦੀ ਹਦਾਇਤ ਕੀਤੀ ਹੈ।