ਸ੍ਰੀਨਗਰ: ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਅਨਸਾਰ ਗਜ਼ਵਤੁਲ ਹਿੰਦ ਅਤੇ ਲਸ਼ਕਰ-ਏ-ਤਇਬਾ ਦੇ ਦੋ ਅਤਿਵਾਦੀ ਮਾਰੇ ਗਏ। ਦੋਵੇਂ ਅਤਿਵਾਦੀਆਂ ਦੀ ਪਛਾਣ ਸਫ਼ਤ ਮੁਜੱਫ਼ਰ ਸੋਫ਼ੀ ਉਰਫ਼ ਮੁਆਵੀਆ (ਅਨਸਾਰ ਗਜ਼ਵਤੁਲ ਹਿੰਦ) ਅਤੇ ਉਮਰ ਤੇਲੀ ਉਰਫ਼ ਤਲ੍ਹਾ (ਲਸ਼ਕਰ-ਏ-ਤਾਇਬਾ) ਵਜੋਂ ਹੋਈ ਹੈ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਦੋਹਾਂ ਦੀ ਸ੍ਰੀਨਗਰ ਦੇ ਖੋਨਮੋਹ ਇਲਾਕੇ ’ਚ ਸਰਪੰਚ ਦੀ ਹੱਤਿਆ ਸਮੇਤ ਦਹਿਸ਼ਤਗਰਦੀ ਦੇ ਹੋਰ ਕਈ ਕੇਸਾਂ ’ਚ ਤਲਾਸ਼ ਸੀ। ਉਸ ਨੇ ਦੱਸਿਆ ਕਿ ਦੋਵੇਂ ਅਤਿਵਾਦੀਆਂ ਨੇ ਹੁਣੇ ਜਿਹੇ ਤਰਾਲਵਿੱਚ ਆਪਣਾ ਟਿਕਾਣਾ ਬਣਾਇਆ ਸੀ ਅਤੇ ਉਹ ਕਿਸੇ ਹਮਲੇ ਦੀ ਤਾਕ ਵਿੱਚ ਸਨ। ਇਸੇ ਦੌਰਾਨ ਸ੍ਰੀਨਗਰ ਦੇ ਟਿਊਲਿਪ ਗਾਰਡਨ ਦੀ ਪਾਰਕਿੰਗ ’ਚ ਖੜ੍ਹੀ ਟੂਰਿਸਟ ਵੈਨ ਅੰਦਰ ਧਮਾਕੇ ਕਾਰਨ ਉਸ ਦਾ ਡਰਾਈਵਰ ਜ਼ਖ਼ਮੀ ਹੋ ਗਿਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਡਰਾਈਵਰ ਨੇ ਵੈਨ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਸੀ। ਡਰਾਈਵਰ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ