ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਅਤੇ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਨਾਲ ਜੁੜੇ ਧੋਖਾਧੜੀ ਮਾਮਲਿਆਂ ’ਚ ਬੈਂਕਾਂ ਨੂੰ ਹੋਏ ਨੁਕਸਾਨ ਦਾ 40 ਫ਼ੀਸਦੀ ਪੈਸਾ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਜ਼ਬਤ ਕੀਤੇ ਗਏ ਸ਼ੇਅਰਾਂ ਨੂੰ ਵੇਚ ਕੇ ਹਾਸਲ ਕਰ ਲਿਆ ਗਿਆ ਹੈ। ਈਡੀ ਨੇ ਦੱਸਿਆ ਕਿ ਕਰਜ਼ਾ ਵਸੂਲੀ ਟ੍ਰਿਬਿਊਨਲ (ਡੀਆਰਟੀ) ਨੇ ਮਾਲਿਆ ਨੂੰ ਪੈਸਾ ਕਰਜ਼ ਵਜੋਂ ਦੇਣ ਵਾਲੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਹੇਠਲੇ ਬੈਂਕਾਂ ਵੱਲੋਂ ਬੁੱਧਵਾਰ ਨੂੰ ਯੂਨਾਈਟਿਡ ਬ੍ਰੀਵਰੀਜ਼ ਲਿਮਿਟਡ ਦੇ 5800 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਵੇਚੇ ਜਿਨ੍ਹਾਂ ਨੂੰ ਏਜੰਸੀ ਨੇ ਪਹਿਲਾਂ ਪੀਐੱਮਐੱਲਏ ਦੀਆਂ ਮੱਦਾਂ ਤਹਿਤ ਜ਼ਬਤ ਕੀਤਾ ਸੀ। ਕੰਪਨੀ ਦੇ 800 ਕਰੋੜ ਰੁਪਏ ਮੁੱਲ ਦੇ ਹੋਰ ਸ਼ੇਅਰਾਂ ਦੀ ਵਿਕਰੀ 25 ਜੂਨ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਕੁਰਕੀ ਈਡੀ ਨੇ ਮਾਲਿਆ (65) ਖ਼ਿਲਾਫ਼ ਆਪਣੀ ਅਪਰਾਧਿਕ ਜਾਂਚ ਤਹਿਤ ਕੀਤੀ ਸੀ ਜੋ ਹੁਣ ਬ੍ਰਿਟੇਨ ’ਚ ਹੈ ਅਤੇ ਉਸ ਦੀ ਭਾਰਤ ਹਵਾਲੇ ਕੀਤੇ ਜਾਣ ਖ਼ਿਲਾਫ਼ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਗਈ ਹੈ। ਈਡੀ ਨੇ ਕਿਹਾ ਕਿ ਡੀਆਰਟੀ ਦੀ ਕਾਰਵਾਈ ਤੋਂ ਪਹਿਲਾਂ ਏਜੰਸੀ ਨੇ ਮੁੰਬਈ ’ਚ ਵਿਸ਼ੇਸ਼ ਪੀਐੱਮਐੱਲਏ ਅਦਾਲਤ ਦੇ ਨਿਰਦੇਸ਼ ’ਤੇ ਉਸ ਵੱਲੋਂ ਯੂਬੀਐੱਲ ਦੇ ਕਰੀਬ 6,600 ਕਰੋੜ ਰੁਪਏ ਦੇ ਜ਼ਬਤ ਸ਼ੇਅਰਾਂ ਨੂੰ ਐੱਸਬੀਆਈ ਦੀ ਅਗਵਾਈ ਹੇਠਲੇ ਬੈਂਕਾਂ ਨੂੰ ਤਬਦੀਲ ਕੀਤੇ ਜਾਣ ਮਗਰੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਲਿਆ ਅਤੇ ਪੀਐੱਨਬੀ ਘੁਟਾਲੇ ’ਚ ਸ਼ਾਮਲ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਆਪਣੀਆਂ ਕੰਪਨੀਆਂ ਰਾਹੀਂ ਹੇਰਾਫੇਰੀ ਕਰਕੇ ਸਰਕਾਰੀ ਬੈਂਕਾਂ ਨਾਲ ਧੋਖਾਧੜੀ ਕੀਤੀ ਜਿਸ ਨਾਲ ਬੈਂਕਾਂ ਨੂੰ ਕੁੱਲ 22,585.83 ਕਰੋੜ ਰੁਪਏ ਦਾ ਨੁਕਸਾਨ ਹੋਇਆ। ਈਡੀ ਨੇ ਕਿਹਾ ਕਿ ਹੁਣ ਤੱਕ ਏਜੰਸੀ ਨੇ ਦੋ ਬੈਂਕਾਂ ਨਾਲ ਧੋਖਾਧੜੀ ਦੇ ਮਾਮਲਿਆਂ ’ਚ ਕੁੱਲ 18,170 ਕਰੋੜ ਰੁਪਏ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਹਨ। -ਪੀਟੀਆਈ