ਉਦੈਪੁਰ/ਜੈਪੁਰ, 4 ਜੁਲਾਈ
ਇੱਥੇ ਸਥਿਤੀ ’ਚ ਸੁਧਾਰ ਹੋਣ ਮਗਰੋਂ ਅੱਜ 12 ਘੰਟਿਆਂ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ। ਕੁਲੈਕਟਰ ਤਾਰਾ ਚੰਦ ਮੀਨਾ ਨੇ ਕਿਹਾ ਕਿ ਮੋਬਾਈਲ ਇੰਟਰਨੈੱਟ ਸੇਵਾਵਾਂ 12 ਵਜੇ ਤੱਕ ਬੰਦ ਰੱਖੀਆਂ ਗਈਆਂ ਹਨ ਤੇ ਇਨ੍ਹਾਂ ਨੂੰ ਬਹਾਲ ਕਰਨ ਸਬੰਧੀ ਫ਼ੈਸਲਾ ਸਥਿਤੀ ਦੀ ਮੁੜ ਪੜਚੋਲ ਮਗਰੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੁੱਲ 12 ਘੰਟਿਆਂ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ। ਸ਼ਹਿਰ ਵਿੱਚ ਸਥਿਤੀ ਬਿਲਕੁਲ ਠੀਕ ਹੈ। ਦੱਸਣਯੋਗ ਹੈ ਕਿ ਪਿਛਲੇ ਮੰਗਲਵਾਰ ਨੂੰ ਇੱਕ ਦਰਜੀ ਦੇ ਕਤਲ ਤੇ ਇਸ ਮਗਰੋਂ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਉਦੈਪੁਰ ਦੇ ਸੱਤ ਪੁਲੀਸ ਸਟੇਸ਼ਨ ਇਲਾਕਿਆਂ ਵਿੱਚ ਕਰਫਿਊ ਲਾ ਦਿੱਤਾ ਗਿਆ ਸੀ। ਇਸ ਦਰਜੀ ਨੂੰ ਕਥਿਤ ਤੌਰ ’ਤੇ ਰਿਆਜ਼ ਅਖਤਰੀ ਤੇ ਗੌਸ ਮੁਹੰਮਦ ਨਾਮੀਂ ਦੋ ਵਿਅਕਤੀਆਂ ਨੇ ਜਾਨੋਂ ਮਾਰ ਦਿੱਤਾ ਸੀ ਜਿਨ੍ਹਾਂ ਇੱਕ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕਰ ਕੇ ਆਖਿਆ ਸੀ ਕਿ ਉਨ੍ਹਾਂ ਇਸਲਾਮ ਧਰਮ ਦੇ ਅਪਮਾਨ ਦਾ ਬਦਲਾ ਲਿਆ ਹੈ। ਇਨ੍ਹਾਂ ਦੋਵਾਂ ਕਥਿਤ ਦੋਸ਼ੀਆਂ ਨੂੰ ਬਾਅਦ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵੀਰਵਾਰ ਰਾਤ ਨੂੰ ਦਰਜੀ ਦੀ ਦੁਕਾਨ ਦੀ ਰੇਕੀ ਤੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜੋ ਐੱਨਆਈਏ ਦੀ ਹਿਰਾਸਤ ’ਚ ਹਨ। -ਪੀਟੀਆਈ
ਐੱਨਆਈਏ ਮੁਖੀ ਵੱਲੋਂ ਸ਼ਾਹ ਨਾਲ ਮੁਲਾਕਾਤ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਮੁਖੀ ਦਿਨਕਰ ਗੁਪਤਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗ੍ਰਹਿ ਮੰਤਰੀ ਨਾਲ ਰਾਜਸਥਾਨ ਦੇ ਉਦੈਪੁਰ ਤੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਹੋਈਆਂ ਦੋ ਵਿਅਕਤੀਆਂ ਦੀਆਂ ਹੱਤਿਆਵਾਂ ਦੇ ਮਾਮਲਿਆਂ ਵਿੱਚ ਚੱਲ ਰਹੀ ਜਾਂਚ ਬਾਰੇ ਜਾਣਕਾਰੀ ਸਾਂਝੀ ਕੀਤੀ। ਇਹ ਦੋਵੇਂ ਕੇਸ ਗ੍ਰਹਿ ਮੰਤਰਾਲੇ ਵੱਲੋਂ ਐੱਨਆਈਏ ਨੂੰ ਸੌਂਪੇ ਗਏ ਸਨ। ਗ੍ਰਹਿ ਮੰਤਰੀ ਦੇ ਨੌਰਥ ਬਲਾਕ ਦਫ਼ਤਰ ਵਿੱਚ ਸ੍ਰੀ ਗੁਪਤਾ ਤੇ ਗ੍ਰਹਿ ਮੰਤਰੀ ਦੀ ਮੁਲਾਕਾਤ ਲਗਪਗ 40 ਮਿੰਟ ਚੱਲੀ, ਜਿੱਥੇ ਉਨ੍ਹਾਂ ਸ੍ਰੀ ਸ਼ਾਹ ਨਾਲ ਦੋਵਾਂ ਕੇਸਾਂ ਦੀ ਜਾਂਚ ਦੇ ਵੇਰਵੇ ਸਾਂਝੇ ਕੀਤੇ। -ਪੀਟੀਆਈ