ਮੁੰਬਈ, 29 ਜੂਨ
ਮੁੱਖ ਅੰਸ਼
- ਬਾਗ਼ੀ ਵਿਧਾਇਕ ਗੁਹਾਟੀ ਤੋਂ ਗੋਆ ਪੁੱਜੇ
- ਗੇਂਦ ਰਾਜਪਾਲ ਦੇ ਪਾਲੇ ਵਿੱਚ, ਸਭ ਤੋਂ ਵੱਡੇ ਦਲ ਵਜੋਂ ਭਾਜਪਾ ਨੂੰ ਮਿਲ ਸਕਦੈ ਸਰਕਾਰ ਬਣਾਉਣ ਦਾ ਸੱਦਾ
ਸਿਆਸੀ ਸੰਕਟ ਵਿੱਚ ਘਿਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਰਾਤੀਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਰਾਜਪਾਲ ਨੇ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਵੀਰਵਾਰ ਸਵੇਰੇ 11 ਵਜੇ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ ਸੀ, ਜਿਸ ਨੂੰ ਸ਼ਿਵ ਸੈਨਾ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ.ਪਾਰਦੀਵਾਲਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸ਼ਿਵ ਸੈਨਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਰਾਜਪਾਲ ਦੇ ਹੁਕਮਾਂ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ। ਵੈਕੇੇਸ਼ਨ ਬੈਂਚ ਨੇ ਹਾਲਾਂਕਿ ਕਿਹਾ ਕਿ ਅਸੈਂਬਲੀ ਵਿੱਚ ਵੀਰਵਾਰ ਨੂੰ ਹੋਣ ਵਾਲੀ ਕਾਰਵਾਈ ਸ਼ਿਵ ਸੈਨਾ ਵੱਲੋਂ ਰਾਜਪਾਲ ਦੇ ਫੈਸਲੇ ਖਿਲਾਫ਼ ਦਾਇਰ ਪਟੀਸ਼ਨ ਦੇ ਅੰਤਿਮ ਫੈਸਲੇ ’ਤੇ ਨਿਰਭਰ ਕਰੇਗੀ। ਸਿਖਰਲੀ ਅਦਾਲਤ ਨੇ ਕਿਹਾ, ‘‘ਅਸੀਂ ਇਹ ਸੰਖੇਪ ਹੁਕਮ ਦਿੱਤੇ ਹਨ। ਅਸੀਂ ਰਾਜਪਾਲ ਵੱਲੋਂ ਬਹੁਮੱਤ ਸਾਬਤ ਕਰਨ ਦੇ ਹੁਕਮਾਂ ’ਤੇ ਰੋਕ ਨਹੀਂ ਲਾ ਰਹੇ। ਅਸੀਂ ਰਿੱਟ ਪਟੀਸ਼ਨ ’ਤੇ ਹੁਕਮ ਜਾਰੀ ਕੀਤੇ ਹਨ। ਤੁਸੀਂ ਪੰਜ ਦਿਨਾਂ ’ਚ ਇਸ ਬਾਰੇ ਜਵਾਬੀ ਹਲਫ਼ਨਾਮਾ ਦਾਖ਼ਲ ਕਰ ਸਕਦੇ ਹੋੋ। ਅਸੀਂ 11 ਜੁਲਾਈ ਨੂੰ ਹੋਰਨਾਂ ਕੇਸਾਂ ਦੇ ਨਾਲ ਗੁਣ-ਦੋਸ਼ਾਂ ਬਾਰੇ ਸੁਣਵਾਈ ਕਰਾਂਗੇ। ਭਲਕੇ ਦੀ ਕਾਰਵਾਈ ਇਸ ਪਟੀਸ਼ਨ ’ਤੇ ਅੰਤਿਮ ਫੈਸਲੇ ’ਤੇ ਨਿਰਭਰ ਕਰੇਗੀ।’’ ਸੁਪਰੀਮ ਕੋਰਟ ਨੇੇ ਜੇਲ੍ਹ ਵਿੱਚ ਬੰਦ ਐੱਨਸੀਪੀ ਵਿਧਾਇਕਾਂ ਨਵਾਬ ਮਲਿਕ ਤੇ ਅਨਿਲ ਦੇਸ਼ਮੁੱਖ ਨੂੰ ਵੀ ਭਲਕੇ ਫਲੋਟ ਟੈਸਟ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ।
ਸਿਖਰਲੀ ਅਦਾਲਤ ਦੇ ਫੈਸਲੇ ਮਗਰੋਂ ਊਧਵ ਠਾਕਰੇ ਨੇ ਵੈੱਬਕਾਸਟ ’ਤੇ ਲਾਈਵ ਹੋ ਕੇ ਮੁੱਖ ਮੰਤਰੀ ਦੇ ਅਹੁਦੇ ਅਤੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀ ਮੈਂਬਰੀ ਤੋਂ ਅਸਤੀਫ਼ਿਆਂ ਦਾ ਐਲਾਨ ਕਰ ਦਿੱਤਾ। ਠਾਕਰੇ ਨੇ ਬਾਗ਼ੀ ਸ਼ਿਵ ਸੈਨਾ ਵਿਧਾਇਕਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੂੰ ਆਪਣਿਆਂ ਨੇ ਹੀ ਧੋਖਾ ਦਿੱਤਾ। ਠਾਕਰੇ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਵ ਸੈਨਿਕ ਹਨ, ਜਿਨ੍ਹਾਂ ਨੂੰ ਉਨ੍ਹਾਂ ਤੋਂ ਕੋਈ ਨਹੀਂ ਖੋਹ ਸਕਦਾ। ਠਾਕਰੇ ਦੇ ਅਸਤੀਫ਼ੇ ਮਗਰੋਂ ਹੁਣ ਗੇਂਦ ਰਾਜਪਾਲ ਦੇ ਪਾਲੇ ਵਿੱਚ ਹੈ। ਹੁਣ ਰਾਜਪਾਲ ’ਤੇ ਨਿਰਭਰ ਕਰੇਗਾ ਕਿ ਉਹ ਸਰਕਾਰ ਬਣਾਉਣ ਲਈ ਕਿਸ ਨੂੰ ਸੱਦਾ ਦਿੰਦੇ ਹਨ। ਉਂਜ ਮਹਾਰਾਸ਼ਟਰ ਅਸੈਂਬਲੀ ਵਿੱਚ ਭਾਜਪਾ 105 ਵਿਧਾਇਕਾਂ ਨਾਲ ਸਭ ਤੋਂ ਵੱਡੀ ਪਾਰਟੀ ਹੋਣ ਕਰਕੇ ਉਸ ਨੂੰ ਸਰਕਾਰ ਬਣਾਉਣ ਲਈ ਸੱਦਿਆ ਜਾ ਸਕਦਾ ਹੈ। ਉਧਰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਬਾਗ਼ੀ ਸ਼ਿਵ ਸੈਨਾ ਦੇ ਵਿਧਾਇਕ ਗੁਹਾਟੀ ਤੋਂ ਗੋਆ ਪੁੱਜ ਗਏ ਹਨ।
ਇਸ ਤੋਂ ਪਹਿਲਾਂ ਅੱਜ ਸੁਪਰੀਮ ਕੋਰਟ ਨੇ ਰਾਜਪਾਲ ਕੋਸ਼ਿਆਰੀ ਦੇ ਬਹੁਮਤ ਸਾਬਤ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕਿਹਾ ਕਿ ਜਮਹੂਰੀਅਤ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਸਦਨ ਦੀ ਫਲੋਰ ਹੀ ਇਕੋ ਇਕੋ ਰਾਹ ਹੈ। ਸੁਪਰੀਮ ਕੋਰਟ ਸ਼ਿਵ ਸੈਨਾ ਦੇ ਮੁੱਖ ਵ੍ਹਿਪ ਸੁਨੀਲ ਪ੍ਰਭੂ ਵੱਲੋਂ ਮਹਾਰਾਸ਼ਟਰ ਦੇ ਰਾਜਪਾਲ ਵੱਲੋਂ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਵੀਰਵਾਰ ਨੂੰ ਅਸੈਂਬਲੀ ਵਿੱਚ ਬਹੁਮਤ ਸਾਬਤ ਕਰਨ ਲਈ ਦਿੱਤੇ ਹੁਕਮਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਸ਼ਿਵ ਸੈਨਾ ਦੇ ਬਾਗ਼ੀ ਆਗੂ ਏਕਨਾਥ ਸ਼ਿੰਦੇ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਊਧਵ ਠਾਕਰੇ ਦੀ ਅਗਵਾਈ ਵਾਲਾ ਖੇਮਾ ਪਾਰਟੀ ਅੰਦਰ ‘ਘੱਟਗਿਣਤੀ’ ਵਿੱਚ ਹੈ ਤੇ ਵਿਧਾਇਕਾਂ ਦੀ ਖਰੀਦੋ-ਫ਼ਰੋਖਤ ਰੋਕਣ ਲਈ ਅਸੈਂਬਲੀ ਵਿੱਚ ਫਲੋਰ ਟੈਸਟ ਕਰਵਾਉਣਾ ਹੀ ਸਭ ਤੋਂ ਬਿਹਤਰ ਰਾਹ ਹੈ। ਸ਼ਿੰਦੇ ਦੇ ਵਕੀਲ ਨੇ ਵੈਕੇਸ਼ਨ ਬੈਂਚ ਨੂੰ ਦੱਸਿਆ ਕਿ ਅਸੈਂਬਲੀ ਵਿੱਚ ਬਹੁਮਤ ਸਾਬਤ ਕਰਨ ਦੇ ਅਮਲ ਵਿੱਚ ਜਿੰਨੀ ਦੇਰ ਕੀਤੀ ਜਾਵੇਗੀ, ਓਨਾ ਹੀ ਜਮਹੂਰੀ ਰਾਜ ਪ੍ਰਬੰਧ ਨੂੰ ਵੱਧ ਨੁਕਸਾਨ ਪੁੱਜੇਗਾ।
ਸ਼ਿੰਦੇ ਵੱਲੋਂ ਪੇਸ਼ ਸੀਨੀਅਰ ਵਕੀਲ ਐੱਨ.ਕੇ.ਕੌਲ ਨੇ ਬਹਿਸ ਦੌਰਾਨ ਦਲੀਲ ਦਿੱਤੀ ਕਿ ਅਯੋਗਤਾ ਨੋਟਿਸ ’ਤੇ ਕਾਰਵਾਈ ਬਕਾਇਆ ਹੋਣਾ ਫਲੋਰ ਟੈਸਟ ਵਿੱਚ ਦੇਰੀ ਲਈ ਕੋਈ ਆਧਾਰ ਨਹੀਂ ਹੈ। ਕੌਲ ਨੇ ਬੈਂਚ ਨੂੰ ਦੱਸਿਆ, ‘‘ਜਮਹੂਰੀਅਤ ਦਾ ਫੈਸਲਾ ਸਦਨ ਦੀ ਫਲੋਰ ’ਤੇ ਹੀ ਹੋ ਸਕਦਾ ਹੈ ਤੇ ਇਹੀ ਕੁਝ ਕਰਨ ਦੀ ਮੰਗ ਕੀਤੀ ਜਾ ਰਹੀ ਹੈ।’’ ਕੌਲ ਨੇ ਕਿਹਾ, ‘‘ਸਦਨ ਨੂੰ ਛੱਡੋ, ਉਹ (ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ) ਆਪਣੀ ਹੀ ਪਾਰਟੀ ਵਿੱਚ ਘੱਟਗਿਣਤੀ ਵਿੱਚ ਹਨ।’’ ਕੌਲ ਨੇ ਦਲੀਲ ਦਿੱਤੀ ਕਿ ਮੌਜੂਦਾ ਹਾਲਾਤ ਵਿੱਚ ਫਲੋਰ ਟੈੈਸਟ ਦੀ ਲੋੜ ਹੈ ਅਤੇ ਰਾਜਪਾਲ ਨੇ ਆਪਣੀ ਸੂਝ-ਬੂਝ ਤੇ ਸਿਆਣਪ ਮੁਤਾਬਕ ਇਸ (ਫਲੋਟ ਟੈਸਟ) ਨੂੰ ਕਰਵਾਉਣ ਦਾ ਫੈਸਲਾ ਲਿਆ ਹੈ। ਬੈਂਚ ਨੇ ਇਸ ਤੱਥ ਨੂੰ ਨੀਝ ਨਾਲ ਵੇਖਿਆ ਕਿ ਸਦਨ ਵਿੱਚ ਬਹੁਮਤ ਸਾਬਤ ਕਰਨਾ ਹੀ ਜਮਹੂਰੀਅਤ ਨਾਲ ਜੁੜੇ ਇਨ੍ਹਾਂ ਮਸਲਿਆਂ ਦਾ ਇਕੋ ਇਕ ਤਰੀਕਾ ਹੈ। -ਪੀਟੀਆਈ
ਮੈਨੂੰ ਨੰਬਰਾਂ ਦੀ ਖੇਡ ’ਚ ਕੋਈ ਦਿਲਚਸਪੀ ਨਹੀਂ: ਠਾਕਰੇ
ਮੁੰਬਈ: ਮੁੱਖ ਮੰਤਰੀ ਊਧਵ ਠਾਕਰੇ ਨੇ ਫਲੋਰ ਟੈਸਟ ਦੇ ਹਵਾਲੇ ਨਾਲ ਕਿਹਾ ਕਿ ਉਹ ਨੰਬਰਾਂ ਦੀ ਖੇਡ ਵਿੱਚ ਦਿਲਚਸਪੀ ਨਹੀਂ ਰੱਖਦੇ। ਠਾਕਰੇ ਨੇ ਕਿਹਾ, ‘‘ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਮੈਂ ਵਿਧਾਨ ਪ੍ਰੀਸ਼ਦ ਦੀ ਮੈਂਬਰੀ ਵੀ ਛੱਡ ਰਿਹਾ ਹਾਂ।’’ ਠਾਕਰੇ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਰੋਸ ਵਜੋਂ ਸੜਕਾਂ ’ਤੇ ਨਾ ਉਤਰਨ ਤੇ ਬਾਗ਼ੀ ਵਿਧਾਇਕਾਂ ਨੂੰ ਵਾਪਸ ਮੁੜਨ ਦੇਣ। ਠਾਕਰੇ ਨੇ ਕਿਹਾ, ‘‘ਮੈਂ ਨੰਬਰਾਂ ਦੀ ਖੇਡ ਵਿੱਚ ਨਹੀਂ ਪੈਣਾ ਚਾਹੁੰਦਾ, ਕਿਉਂਕਿ ਮੇਰੀ ਪਾਰਟੀ ਦਾ ਇਕ ਵੀ ਸਾਥੀ ਜੇਕਰ ਮੇਰੇ ਖਿਲਾਫ਼ ਖੜ੍ਹਦਾ ਹੈ, ਤਾਂ ਇਹ ਵੇਖਣਾ ਵੀ ਮੇਰੇ ਲਈ ਸ਼ਰਮਨਾਕ ਹੋਵੇਗਾ।’’ ਠਾਕਰੇ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਊਧਵ ਠਾਕਰੇ ਨੇ ਅੱਜ ਸ਼ਾਮੀਂ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਉਨ੍ਹਾਂ ਨੂੰ ਆਪਣੇ ਹੀ ਲੋਕਾਂ ਨੇ ਧੋਖਾ ਦਿੱਤਾ ਹੈ। ਮੀਟਿੰਗ ਦੌਰਾਨ ਇਕ ਅਧਿਕਾਰੀ ਨੇ ਕਿਹਾ ਕਿ ਠਾਕਰੇ ਨੇ ਆਪਣੇ ਵਜ਼ਾਰਤੀ ਸਾਥੀਆਂ ਨੂੰ ਦੱਸਿਆ ਕਿ ਉਨ੍ਹਾਂ ਨਾਲ ਉਨ੍ਹਾਂ ਦੇ ਆਪਣੇ ਲੋਕਾਂ ਨੇ ਹੀ ਵਿਸਾਹਘਾਤ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਠਾਕਰੇ ਨੇ ਕੈਬਨਿਟ ਮੀਟਿੰਗ ਦੌਰਾਨ ਆਪਣੇ ਸਾਥੀਆਂ ਤੋਂ ਇਹ ਕਹਿੰਦਿਆਂ ਮੁਆਫ਼ੀ ਮੰਗੀ ਕਿ ‘ਜੇਕਰ ਮੈਂ ਬੇਧਿਆਨੀ ’ਚ ਕਿਸੇ ਦਾ ਦਿਲ ਦੁਖਾਇਆ ਹੋਵੇ ਤਾਂ ਮੈਨੂੰ ਮੁਆਫ਼ ਕਰਨਾ।’ ਅਧਿਕਾਰੀ ਮੁਤਾਬਕ ਮੁੱਖ ਮੰਤਰੀ ਦੇ ਸੰਬੋਧਨ ਮਗਰੋਂ ਸਾਥੀ ਮੰਤਰੀਆਂ ਨੇ ਤਾੜੀਆਂ ਵੀ ਮਾਰੀਆਂ। ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਵੀਰਵਾਰ ਨੂੰ ਹੋਣ ਵਾਲੇ ਸੰਭਾਵੀ ਫਲੋਰ ਟੈਸਟ ਬਾਰੇ ਕੋਈ ਗੱਲ ਨਹੀ ਕੀਤੀ।
ਔਰੰਗਾਬਾਦ ਤੇ ਓਸਮਾਨਾਬਾਦ ਸ਼ਹਿਰਾਂ ਦੇ ਨਾਂ ਬਦਲੇ
ਮੁੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਕੈਬਨਿਟ ਨੇ ਅੱਜ ਸ਼ਾਮੀਂ ਮੀਟਿੰਗ ਕਰਕੇ ਔਰੰਗਾਬਾਦ ਸ਼ਹਿਰ ਦਾ ਨਾਂ ਬਦਲ ਕੇ ਸਾਂਭਾਜੀਨਗਰ ਤੇ ਓਸਮਾਨਾਬਾਦ ਸ਼ਹਿਰ ਦਾ ਧਾਰਾਸ਼ਿਵ ਰੱਖਣ ਨੂੰ ਹਰੀ ਝੰਡੀ ਦੇ ਦਿੱਤੀ। ਇਸੇ ਤਰ੍ਹਾਂ ਨਵੇਂ ਬਣ ਰਹੇ ਨਵੀ ਮੁੰਬਈ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਵੀ ਬਦਲ ਕੇ ਕਿਸਾਨ ਆਗੂ ਮਰਹੂਮ ਡੀ.ਬੀ.ਪਾਟਿਲ ਦੇ ਨਾਂ ’ਤੇ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲਾਂ ਸੂਬੇ ਦੀ ਯੋਜਨਾਬੰਦੀ ਏਜੰਸੀ ਸਿਡਕੋ ਨੇ ਨਵੀ ਮੁੰਬਈ ਹਵਾਈ ਅੱਡੇ ਦਾ ਨਾਂ ਸ਼ਿਵ ਸੈਨਾ ਦੇ ਬਾਨੀ ਬਾਲਾਸਾਹਿਬ ਠਾਕਰੇ ਦੇ ਨਾਂ ’ਤੇ ਰੱਖਣ ਦੀ ਤਜਵੀਜ਼ ਰੱਖੀ ਸੀ। ਮਹਾਰਾਸ਼ਟਰ ਦੀ ਮਹਾ ਵਿਕਾਸ ਅਘਾੜੀ ਸਰਕਾਰ ਵਿੱਚ ਭਾਈਵਾਲ ਕਾਂਗਰਸ ਨੇ ਕੈਬਨਿਟ ਮੀਟਿੰਗ ਵਿੱਚ ਪੁਣੇ ਦਾ ਨਾਮ (ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮਾਂ ਦੇ ਨਾਂ ’ਤੇ) ਜੀਜਾਓ ਨਗਰ ਤੇ ਨਵੀ ਮੁੰਬਈ ਵਿਚ ਸਿਊਰੀ ਤੇ ਨਹਾਵਾ ਸ਼ੇਵਾ ਵਿਚਾਲੇ ਮੁੰਬਈ ਟਰਾਂਸ ਹਾਰਬਰ ਲਿੰਕ ਦਾ ਨਾਂ ਸਾਬਕਾ ਮੁੱਖ ਮੰਤਰੀ ਮਰਹੂਮ ਏ.ਆਰ.ਅੰਤੁਲੇ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ ਸੀ, ਪਰ ਇਨ੍ਹਾਂ ’ਤੇ ਵਿਚਾਰ ਹੀ ਨਹੀਂ ਕੀਤਾ ਗਿਆ।