ਲਾਤੁਰ, 12 ਨਵੰਬਰ
ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਨੇ ਦਾਅਵਾ ਕੀਤਾ ਕਿ ਚੋਣ ਅਥਾਰਿਟੀਜ਼ ਨੇ ਅੱਜ ਮੁੜ ਉਨ੍ਹਾਂ ਦੇ ਬੈਗਾਂ ਦੀ ਤਲਾਸ਼ੀ ਲਈ ਹੈ। ਠਾਕਰੇ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਪ੍ਰਚਾਰ ਲਈ ਅੱਜ ਲਾਤੁਰ ਜ਼ਿਲ੍ਹੇ ਵਿਚ ਆਏ ਸਨ। ਚੋਣ ਸਟਾਫ਼ ਨੂੰ ਹਾਲਾਂਕਿ ਠਾਕਰੇ ਦੇ ਬੈਗਾਂ ਵਿਚੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਉਂਝ ਠਾਕਰੇ ਨੇ ਚੋਣ ਸਟਾਫ਼ ਨੂੰ ਸੋਲਾਪੁਰ ਰੈਲੀ ਲਈ ਪੁੱਜ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਲਾਸ਼ੀ ਲੈਣ ਦੀ ਵੀ ਸਲਾਹ ਦਿੱਤੀ।
ਸਾਬਕਾ ਮੁੱਖ ਮੰਤਰੀ ਦੀ ਪਾਰਟੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਚੋਣ ਅਥਾਰਿਟੀਜ਼ ਨੂੰ ਉਨ੍ਹਾਂ ਦੇ ਬੈਗਾਂ ਦੀ ਤਲਾਸ਼ੀ ਲੈਂਦਿਆਂ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਯਵਤਮਾਲ ਜ਼ਿਲ੍ਹੇ ਦੇ ਵਾਨੀ ਵਿਚ ਠਾਕਰੇ ਦਾ ਹੈਲੀਕਾਪਟਰ ਉੱਤਰਨ ਮੌਕੇ ਵੀ ਚੋਣ ਅਥਾਰਿਟੀਜ਼ ਵੱਲੋਂ ਉਨ੍ਹਾਂ ਦੇ ਬੈਗਾਂ ਦੀ ਫਰੋਲਾ ਫਰਾਲੀ ਕੀਤੀ ਗਈ ਸੀ। ਪਾਰਟੀ ਨੇ ਉਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ।
ਠਾਕਰੇ ਨੇ ਅੱਜ ਕਸਾਰ ਸ਼ਿਰਸ਼ੀ ਪਿੰਡ ਵਿਚ ਰੈਲੀ ਨੂੰ ਸੰਬੋਧਨ ਕਰਨਾ ਸੀ ਤੇ ਜਿਵੇਂ ਹੀ ਉਨ੍ਹਾਂ ਦਾ ਹੈਲੀਕਾਪਟਰ ਲਾਤੁਰ ਵਿਚ ਔਸਾ ਦੇ ਹੈਲੀਪੈਡ ਉੱਤੇ ਉੱਤਰਿਆ ਤਾਂ ਚੋਣ ਅਥਾਰਿਟੀਜ਼ ਨੇ ਮੁੜ ਠਾਕਰੇ ਦੇ ਬੈਗਾਂ ਦੀ ਤਲਾਸ਼ੀ ਲਈ। ਸ਼ਿਵ ਸੈਨਾ(ਯੂਬੀਟੀ) ਵੱਲੋਂ ਆਪਣੇ ਹੈਂਡਲ ’ਤੇ ਪੋਸਟ ਕੀਤੀ ਵੀਡੀਓ ਵਿਚ ਠਾਕਰੇ ਹੈਲੀਪੈਡ ਉੱਤੇ ਮੌਜੂਦ ਚੋਣ ਸਟਾਫ਼ ਨੂੰ ਉਨ੍ਹਾਂ ਦੇ ਨਾਮ ਤੇ ਅਹੁਦੇ ਪੁੱਛਦੇ ਦਿਸ ਰਹੇ ਹਨ। ਉਨ੍ਹਾਂ ਚੋਣ ਸਟਾਫ਼ ਨੂੰ ਆਪਣਾ ਨਿਯੁਕਤੀ ਪੱਤਰ ਦਿਖਾਉਣ ਲਈ ਵੀ ਕਿਹਾ। ਇਸ ਦੌਰਾਨ ਠਾਕਰੇ ਇਹ ਕਹਿੰਦੇ ਵੀ ਸੁਣੇ ਗਏ ਕਿ ‘‘ਹੁਣ ਤੱਕ ਤੁਸੀਂ ਕਿੰਨੇ ਲੋਕਾਂ ਦੀ ਤਲਾਸ਼ੀ ਲਈ ਹੈ?’’
ਠਾਕਰੇ ਨੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਦੀ ਮਹਾਰਾਸ਼ਟਰ ਫੇਰੀ ਦੇ ਹਵਾਲੇ ਨਾਲ ਕਿਹਾ, ‘‘ਮੋਦੀ ਜੀ ਅੱਜ ਆ ਰਹੇ ਹਨ ਤੇ ਮੈਂ ਤੁਹਾਨੂੰ ਸੋਲਾਪੁਰ ਹਵਾਈ ਅੱਡੇ ਉੱਤੇ ਭੇਜਾਂਗਾ, ਜੋ ਮੋਦੀ ਜੀ ਦੀ ਫੇਰੀ ਕਰਕੇ ਬੰਦ ਹੈ। ਨਰਿੰਦਰ ਮੋਦੀ ਦੀ ਵੀ ਇਸੇ ਤਰ੍ਹਾਂ ਚੈਕਿੰਗ ਕੀਤੀ ਜਾਵੇ।’’ ਠਾਕਰੇ ਨੇ ਕਿਹਾ, ‘‘ਮੈਂ ਤੁਹਾਡੇ ਨਾਲ ਨਾਰਾਜ਼ ਨਹੀਂ ਹਾਂ, ਪਰ ਉਹ ਕਾਨੂੰਨ ਨਰਿੰਦਰ ਮੋਦੀ ਉੱਤੇ ਵੀ ਲਾਗੂ ਹੁੰਦਾ ਹੈ, ਜੋ ਚੋਣ ਪ੍ਰਚਾਰ ਲਈ ਆ ਰਹੇ ਹਨ।’’ ਠਾਕਰੇ ਨੇ ਅਧਿਕਾਰੀਆਂ ਨੂੰ ਕਿਹਾ, ‘‘ਕੀ ਤੁਸੀਂ ਸਾਰੇ ਮਹਾਰਾਸ਼ਟਰੀਅਨ ਹੋ? ਜਦੋਂ ਉਨ੍ਹਾਂ ਹਾਂ ਵਿਚ ਜਵਾਬ ਦਿੱਤਾ ਤਾਂ ਠਾਕਰੇ ਨੇ ਕਿਹਾ, ‘‘ਅਸੀਂ ਮਹਾਰਾਸ਼ਟਰ ਲਈ ਜਿਊਂਦੇ ਤੇ ਮਰਦੇ ਹਾਂ ਤੇ ਹੋਰਨਾਂ ਰਾਜਾਂ ਲਈ ਕੰਮ ਨਹੀਂ ਕਰਦੇ।’’ -ਪੀਟੀਆਈ