ਤਿਰੂਵਨੰਤਪੁਰਮ, 24 ਅਗਸਤ
ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ (ਯੂਡੀਐੱਫ) ਨੇ ਅੱਜ ਕੇਰਲਾ ਦੀ ਵਿਜਯਨ ਪਿਨਾਰਾਈ ਦੀ ਅਗਵਾਈ ਵਾਲੀ ਖੱਬੇ-ਪੱਖੀ ਸਰਕਾਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਂਦਾ। ਕਾਂਗਰਸ ਨੇ ਸਰਕਾਰ ’ਤੇ ਸੋਨੇ ਦੀ ਤਸਕਰੀ ਕੇਸ ਸਣੇ ਕਈ ਦੋਸ਼ ਲਾਏ। ਕਾਂਗਰਸ ਦੇ ਵਿਧਾਇਕ ਵੀ.ਡੀ. ਸਤੀਸ਼ਨ ਨੇ ਮਤੇ ਦੀ ਸ਼ੁਰੂਆਤ ਕਰਦਿਆਂ ਦੋਸ਼ ਲਾਏ ਕਿ ਮੁੱਖ ਮੰਤਰੀ ਦਫ਼ਤਰ ਨੂੰ ਸੋਨਾ ਤਸਕਰੀ ਗਰੋਹ ਨੇ ‘ਹਾਈਜੈਕ’ ਕੀਤਾ ਹੋਇਆ ਹੈ। ਸਤੀਸ਼ਨ ਨੇ ਕਿਹਾ, ‘‘ਇੱਕ ਪਾਸੇ ਮੁੱਖ ਮੰਤਰੀ ਪ੍ਰੈੱਸ ਕਾਨਫਰੰਸ ਕਰਕੇ ਕਹਿ ਰਹੇ ਹਨ ਕਿ ਸਰਕਾਰ ਵਿੱਚ ਸਭ ਕੁਝ ਠੀਕ ਹੈ ਅਤੇ ਊਹ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ, ਦੂਜੇ ਪਾਸੇ ਜਾਂਚ ਏਜੰਸੀਆਂ ਊਨ੍ਹਾਂ ਦੇ ਸਾਬਕਾ ਪ੍ਰਮੁੱਖ ਸਕੱਤਰ ਤੋਂ ਘੰਟਿਆਂ-ਬੱਧੀ ਪੁੱਛ-ਪੜਤਾਲ ਕਰ ਰਹੀਆਂ ਹਨ।’’ ਊਨ੍ਹਾਂ ਕਿਹਾ ਕਿ ਮੰਤਰੀਆਂ ਅਤੇ ਮੁੱਖ ਮੰਤਰੀ ਵਲੋਂ ‘ਸੋਨਾ ਤਸਕਰੀ ਮਾਮਲੇ ਦਾ ਸਾਰਾ ਦੋਸ਼ ਮੁਅੱਤਲ ਕੀਤੇ ਸੀਨੀਅਰ ਆਈਏਐੱਸ ਅਫਸਰ ਅਤੇ ਸਾਬਕਾ ਆਈਟੀ ਸਕੱਤਰ ਐੱਮ. ਸਿਵਸ਼ੰਕਰ ਸਿਰ ਮੜ੍ਹਨ’ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਪੀਕਰ ਪੀ. ਸ਼ੀਰਾਮਕ੍ਰਿਸ਼ਨਨ ਨੇ ਬੇਭਰੋਸਗੀ ਮਤੇ ’ਤੇ ਚਰਚਾ ਕਰਨ ਲਈ ਪੰਜ ਘੰਟਿਆਂ ਦਾ ਸਮਾਂ ਅਲਾਟ ਕੀਤਾ ਹੈ। ਚਾਰ ਸਾਲਾਂ ਦੀ ਪਿਨਾਰਾਈ ਸਰਕਾਰ ਵਿਰੁੱਧ ਇਹ ਪਹਿਲਾ ਬੇਭਰੋਸਗੀ ਮਤਾ ਹੈ। -ਪੀਟੀਆਈ