ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ਕਿਹਾ ਕਿ ਕੌਮੀ ਯੋਗਤਾ ਟੈਸਟ (ਨੈੱਟ) ਦਾ ਨਤੀਜਾ ਇੱਕ-ਦੋ ਦਿਨਾਂ ਵਿੱਚ ਐਲਾਨ ਦਿੱਤਾ ਜਾਵੇਗਾ। ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਯੂਜੀਸੀ ਵੱਲੋਂ ਦਸੰਬਰ-2020 ਯੂਜੀਸੀ ਨੈੱਟ ਪ੍ਰੀਖਿਆ ਨਹੀਂ ਲਈ ਜਾ ਸਕੀ ਸੀ। ਇਸ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਯੂਜੀਸੀ ਨੈੱਟ ਦੀਆਂ ਦਸੰਬਰ 2020 ਤੇ ਜੂਨ 2021 ਦੀਆਂ ਪ੍ਰੀਖਿਆਵਾਂ 20 ਨਵੰਬਰ 2021 ਤੇ ਪੰਜ ਜਨਵਰੀ 2022 ਨੂੰ ਇਕੱਠੀਆਂ ਲਈਆਂ ਗਈਆਂ ਸਨ।’’ ਉਨ੍ਹਾਂ ਕਿਹਾ, ‘‘ਯੂਜੀਸੀ-ਨੈੱਟ ਪ੍ਰੀਖਿਆ ਦੇਸ਼ ਦੇ 239 ਸ਼ਹਿਰਾਂ ਵਿੱਚ ਫੈਲੇ 837 ਕੇਂਦਰਾਂ ਵਿੱਚ 81 ਵਿਸ਼ਿਆਂ ਵਿੱਚ ਲਈ ਗਈ ਸੀ। 12 ਲੱਖ ਤੋਂ ਵੱਧ ਉਮੀਦਵਾਰਾਂ ਨੇ ਯੂਜੀਸੀ-ਨੈੱਟ ਲਈ ਰਜਿਸਟ੍ਰੇਸ਼ਨ ਕਰਵਾਈ ਸੀ।’’ ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨਤੀਜਿਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਯੂਜੀਸੀ ਐੱਨਟੀਏ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਯੂਜੀਸੀ-ਨੈੱਟ ਦਾ ਨਤੀਜਾ ਇੱਕ-ਦੋ ਦਿਨਾਂ ਵਿੱਚ ਐਲਾਨਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’’ -ਪੀਟੀਆਈ