ਨਵੀਂ ਦਿੱਲੀ: ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਕੌਮੀ ਯੋਗਤਾ ਟੈਸਟ (ਨੈੱਟ) ਦੀ 12 ਤੋਂ 14 ਅਗਸਤ ਤੱਕ ਲਈ ਜਾਣੀ ਵਾਲੀ ਦੂਜੇ ਗੇੜ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਯੂਜੀਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਇਹ ਪ੍ਰੀਖਿਆ 20 ਤੋਂ 30 ਸਤੰਬਰ ਤੱਕ ਲਈ ਜਾਵੇਗੀ। ਯੂਜੀਸੀ ਚੇਅਰਮੈਨ ਐੱਮ. ਜਗਦੀਸ਼ ਕੁਮਾਰ ਨੇ ਦੱਸਿਆ, ‘‘ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਦੇਸ਼ ਭਰ ਵਿੱਚ 225 ਸ਼ਹਿਰਾਂ ਦੇ 310 ਪ੍ਰੀਖਿਆ ਕੇਂਦਰਾਂ ਵਿੱਚ 33 ਵਿਸ਼ਿਆਂ ਲਈ ਯੂਜੀਸੀ-ਨੈੱਟ ਦਸੰਬਰ 2021 ਅਤੇ ਜੂਨ 2022 ਦੀ ਪਹਿਲੇ ਗੇੜ ਦੀ ਪ੍ਰੀਖਿਆ 9, 11 ਅਤੇ 12 ਜੁਲਾਈ 2022 ਨੂੰ ਲਈ ਸੀ। ਦੂਜੇ ਗੇੜ ਦੀ ਪ੍ਰੀਖਿਆ 12, 13 ਅਤੇ 14 ਅਗਸਤ ਨੂੰ ਲਈ ਜਾਣੀ ਸੀ।’’ ਉਨ੍ਹਾਂ ਕਿਹਾ, ‘‘ਹੁਣ ਯੂਜੀਸੀ-ਨੈੱਟ ਦਸੰਬਰ 2021 ਅਤੇ ਜੂਨ 2022 ਦੇ ਅੰਤਿਮ ਗੇੜ ਦੀ ਪ੍ਰੀਖਿਆ 20 ਤੋਂ 30 ਸਤੰਬਰ 2022 ਨੂੰ ਲਈ ਜਾਵੇਗੀ, ਜਿਸ ਵਿੱਚ 64 ਵਿਸ਼ੇ ਸ਼ਾਮਲ ਹਨ।’’ -ਪੀਟੀਆਈ