ਨਵੀਂ ਦਿੱਲੀ, 27 ਅਪਰੈਲ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਯੂਕਰੇਨ ਸੰਕਟ ਨਾਲ ਸਿੱਝਣ ਦਾ ਬਿਹਤਰੀਨ ਤਰੀਕਾ ਜੰਗ ਰੋਕ ਕੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ’ਤੇ ਧਿਆਨ ਕੇਂਦਰਤ ਕਰਨਾ ਹੈ। ਇਸ ਦੇ ਨਾਲ ਹੀ ਸੰਕਟ ’ਤੇ ਭਾਰਤ ਦਾ ਰੁਖ ਅਜਿਹੀ ਪਹਿਲ ਨੂੰ ਅੱਗੇ ਵਧਾਉਣਾ ਹੈ। ਰਾਇਸੀਨਾ ਡਾਇਲਾਗ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਪ੍ਰਤੀਕਰਮ ਦਿੱਤਾ ਹੈ। ਜੈਸ਼ੰਕਰ ਨੇ ਮੰਗਲਵਾਰ ਨੂੰ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਛੇੜੀ ਗਈ ਜੰਗ ’ਤੇ ਭਾਰਤ ਦੀ ਸਥਿਤੀ ਦੀ ਆਲੋਚਨਾ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਪੱਛਮੀ ਤਾਕਤਾਂ ਪਿਛਲੇ ਸਾਲ ਅਫ਼ਗਾਨਿਸਤਾਨ ’ਚ ਵਾਪਰੀਆਂ ਘਟਨਾਵਾਂ ਸਮੇਤ ਏਸ਼ੀਆ ਦੀਆਂ ਚੁਣੌਤੀਆਂ ਤੋਂ ਬੇਪ੍ਰਵਾਹ ਰਹੀਆਂ ਹਨ। ਉਨ੍ਹਾਂ ਕਿਹਾ,‘‘ਅਸੀਂ ਯੂਕਰੇਨ ਬਾਰੇ ਕੱਲ ਬਹੁਤ ਸਮਾਂ ਚਰਚਾ ਕੀਤੀ ਅਤੇ ਮੈਂ ਨਾ ਸਿਰਫ਼ ਇਹ ਵਿਸਥਾਰ ’ਚ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਵਿਚਾਰ ਕੀ ਹਨ ਸਗੋਂ ਇਹ ਵੀ ਸਪੱਸ਼ਟ ਕੀਤਾ ਕਿ ਸਾਨੂੰ ਲਗਦਾ ਹੈ ਕਿ ਅੱਗੇ ਦੀ ਬਿਹਤਰੀਨ ਰਾਹ ਜੰਗ ਰੋਕਣ, ਵਾਰਤਾ ਕਰਨ ਅਤੇ ਅੱਗੇ ਵਧਣ ਦੇ ਰਾਹ ਲੱਭਣ ’ਤੇ ਜ਼ੋਰ ਦੇਣਾ ਹੋਵੇਗਾ। ਸਾਨੂੰ ਲਗਦਾ ਹੈ ਕਿ ਸਾਡੀ ਸੋਚ ਅਤੇ ਸਾਡਾ ਰੁਖ ਉਸ ਦਿਸ਼ਾ ’ਚ ਅੱਗੇ ਵਧਣ ਦਾ ਸਹੀ ਤਰੀਕਾ ਹੈ।’’ ਜ਼ਿਕਰਯੋਗ ਹੈ ਕਿ ਭਾਰਤ ਨੇ ਯੂਕਰੇਨ ’ਤੇ ਹੋਏ ਹਮਲੇ ਦੀ ਅਜੇ ਤੱਕ ਜਨਤਕ ਤੌਰ ’ਤੇ ਆਲੋਚਨਾ ਨਹੀਂ ਕੀਤੀ ਹੈ। ਜੈਸ਼ੰਕਰ ਨੇ ਆਪਣੇ ਸੰਬੋਧਨ ’ਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ 75 ਸਾਲਾਂ ਦੇ ਸੰਘਰਸ਼ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਮੁਲਕ ਨੇ ਦੱਖਣੀ ਏਸ਼ੀਆ ’ਚ ਲੋਕਤੰਤਰ ਨੂੰ ਉਤਸ਼ਾਹਿਤ ਕਰਨ ’ਚ ਕਿਵੇਂ ਅਹਿਮ ਭੂਮਿਕਾ ਨਿਭਾਈ ਹੈ। -ਪੀਟੀਆਈ