ਅਯੁੱਧਿਆ, 3 ਅਗਸਤ
ਭਾਜਪਾ ਦੀ ਸੀਨੀਅਰ ਆਗੂ ਊਮਾ ਭਾਰਤੀ ਨੇ ਸ੍ਰੀ ਰਾਮ ਜਨਮਭੂਮੀ ਤੀਰਥ ਸ਼ੇਤਰ ਟਰੱਸਟ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਕਿਹਾ ਹੈ ਕਿ ਉਸ ਦਾ ਨਾਮ 5 ਅਗਸਤ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ‘ਭੂਮੀ ਪੂਜਨ’ ਸਮਾਗਮ ਦੇ ਮਹਿਮਾਨਾਂ ਦੀ ਸੂਚੀ ’ਚੋਂ ਹਟਾ ਦਿੱਤਾ ਜਾਵੇ। ਊਮਾ ਭਾਰਤੀ ਨੇ ਇਕ ਟਵੀਟ ’ਚ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰਾਂ ਦੀ ਸਿਹਤ ਬਾਰੇ ਫਿਕਰਮੰਦ ਹੈ, ਜੋ ਕਰੋਨਾ ਮਹਾਮਾਰੀ ਦੇ ਬਾਵਜੂਦ ਇਥੇ ਪਹੁੰਚ ਰਹੇ ਹਨ। ਉਨ੍ਹਾਂ ਲਿਖਿਆ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਪਾਰਟੀ ਆਗੂਆਂ ਨੂੰ ਕਰੋਨਾ ਹੋਣ ਤੋਂ ਚਿੰਤਤ ਹਨ। ਊਮਾ ਨੇ ਕਿਹਾ ਕਿ ਉਹ ਕਿਸੇ ਕਰੋਨਾ ਪੀੜਤ ਦੇ ਸੰਪਰਕ ’ਚ ਆਈ ਹੋ ਸਕਦੀ ਹੈ ਅਤੇ ਅਜਿਹੇ ਹਾਲਾਤ ’ਚ ਉਸ ਨੇ ਪ੍ਰਧਾਨ ਮੰਤਰੀ ਅਤੇ ਹੋਰ ਆਗੂਆਂ ਤੋਂ ਦੂਰੀ ਬਣਾਉਣ ਦਾ ਫ਼ੈਸਲਾ ਲਿਆ ਹੈ।