ਸ੍ਰੀਨਗਰ, 16 ਅਕਤੂਬਰ
New Chief Minister of Jammu and Kashmir: ਨੈਸ਼ਨਲ ਕਾਨਫਰੰਸ (National Conference) ਦੇ ਆਗੂ ਉਮਰ ਅਬਦੁੱਲਾ (Omar Abdullah) ਨੇ ਬੁੱਧਵਾਰ ਨੂੰ ਇਥੇ ਜੰਮੂ ਅਤੇ ਕਸ਼ਮੀਰ ਮੁੱਖ ਮੰਤਰੀ ਵਜੋਂ ਅਹੁਦੇ ਦਾ ਹਲਫ਼ ਲਿਆ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਸੂਬੇ ਨੂੰ ਵਿਸ਼ੇਸ਼ ਰੁਤਬਾ ਦਿੰਦੀ ਸੰਵਿਧਾਨ ਦੀ ਧਾਰਾ 370 ਨੂੰ ਅਗਸਤ 2019 ਵਿਚ ਮਨਸੂਖ਼ ਕਰਨ ਅਤੇ ਸੂਬੇ ਨੂੰ ਤੋੜ ਕੇ ਜੰਮੂ-ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਖ਼ਿੱਤਾ ਬਣਾਏ ਜਾਣ ਤੋਂ ਬਾਅਦ ਇਥੇ ਪਹਿਲੀ ਵਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਕਾਇਮ ਹੋ ਗਈ ਹੈ।
ਉਪ ਰਾਜਪਾਲ ਮਨੋਜ ਸਿਨਹਾ ਨੇ ਉਨ੍ਹਾਂ ਨੂੰ ਅਹੁਦੇ ਅਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਉਮਰ ਅਬਦੁੱਲਾ ਨੇ ਦੂਜੀ ਵਾਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਉਮਰ ਇਸ ਤੋਂ ਪਹਿਲਾਂ 2009 ਤੋਂ 2014 ਤੱਕ ਉਦੋਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸਨ ਜਦੋਂ ਇਸ ਨੂੰ ਪੂਰੇ ਰਾਜ ਦਾ ਦਰਜਾ ਹਾਸਲ ਸੀ। ਪਹਿਲਾਂ ਉਨ੍ਹਾਂ ਦੇ ਦਾਦਾ ਸ਼ੇਖ਼ ਅਬਦੁੱਲਾ ਤੇ ਪਿਤਾ ਫ਼ਾਰੂਖ਼ ਅਬਦੁੱਲਾ ਵੀ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਉਨ੍ਹਾਂ ਨਾਲ ਪੰਜ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ, ਜਿਨ੍ਹਾਂ ਵਿਚ ਸਕੀਨਾ ਮਸੂਦ (ਈਟੂ), ਜਾਵੇਦ ਦਾਰ, ਜਾਵੇਦ ਰਾਣਾ, ਸੁਰਿੰਦਰ ਚੌਧਰੀ ਅਤੇ ਸਤੀਸ਼ ਸ਼ਰਮਾ ਸ਼ਾਮਲ ਹਨ। ਈਟੂ ਤੇ ਡਾਰ ਕਸ਼ਮੀਰ ਵਾਦੀ ਅਤੇ ਰਾਣਾ, ਚੌਧਰੀ ਤੇ ਸ਼ਰਮਾ ਜੰਮੂ ਖ਼ਿੱਤੇ ਨਾਲ ਸਬੰਧਤ ਹਨ।
ਨੈਸ਼ਨਲ ਕਾਨਫਰੰਸ ਦੀ ਚੋਣ ਭਾਈਵਾਲ ਕਾਂਗਰਸ ਨੇ ਹਾਲ ਦੀ ਘੜੀ ਸਰਕਾਰ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਹਮੀਦ ਕਰਾ ਨੇ ਕਿਹਾ ਕਿ ਕਾਂਗਰਸ ਫਿਲਹਾਲ ਵਜ਼ਾਰਤ ਵਿਚ ਸ਼ਾਮਲ ਨਹੀਂ ਹੋਵੇਗੀ, ਕਿਉਂਕਿ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਨਾ ਦਿੱਤੇ ਜਾਣ ਕਾਰਨ ਇਹ ਨਾਖ਼ੁਸ਼ ਹੈ।
ਸਹੁੰ-ਚੁੱਕ ਸਮਾਗਮ ਵਿਚ ਇੰਡੀਆ ਗੱਠਜੋੜ ਦੇ ਆਗੂਆਂ ਨੇ ਹੁੰਮ-ਹੁਮਾ ਕੇ ਸ਼ਿਰਕਤ ਕੀਤੀ। ਸ਼ੇਰ-ਏ-ਕਸ਼ਮੀਰ ਕੌਮਾਂਤਰੀ ਕਨਵੈਨਸ਼ਨ ਸੈਂਟਰ (Sher-i-Kashmir International Convention Centre -SKICC) ਵਿਚ ਹੋਏ ਹਲਫ਼ਦਾਰੀ ਸਮਾਗਮ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਕਮਿਊਨਿਸਟ ਪਾਰਟੀਆਂ ਦੇ ਪ੍ਰਕਾਸ਼ ਕਰਤ ਤੇ ਡੀ ਰਾਜਾ, ਡੀਐੱਮਕੇ ਦੀ ਕਨੀਮੋੜੀ ਅਤੇ ਐੱਨਸੀਪੀ ਤੋਂ ਸੁਪ੍ਰੀਆ ਸੂਲੇ ਹਾਜ਼ਰ ਸਨ।
ਮੀਟਿੰਗ ਵਿਚ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਵੀ ਹਾਜ਼ਰੀ ਭਰੀ। ਅਬਦੁੱਲਾ ਪਰਿਵਾਰ ਵੱਲੋਂ ਉਮਰ ਦੇ ਪਿਤਾ ਫ਼ਾਰੂਖ਼ ਅਬਦੁੱਲਾ, ਮਾਤਾ ਮੋਲੀ ਅਬਦੁੱਲਾ, ਉਨ੍ਹਾਂ ਦੀਆਂ ਦੋ ਭੈਣਾਂ ਤੇ ਦੋ ਪੁੱਤਰ ਸਮਾਗਮ ਵਿਚ ਪੁੱਜੇ। -ਪੀਟੀਆਈ