* ਸੁਰਿੰਦਰ ਚੌਧਰੀ ਬਣੇ ਉਪ ਮੁੱਖ ਮੰਤਰੀ
* ਸਮਾਗਮ ਵਿੱਚ ਰਾਹੁਲ, ਪ੍ਰਿਯੰਕਾ, ਅਖਿਲੇਸ਼ ਅਤੇ ਮਹਿਬੂਬਾ ਸਣੇ ‘ਇੰਡੀਆ’ ਦੇ ਕਈ ਆਗੂਆਂ ਨੇ ਕੀਤੀ ਸ਼ਿਰਕਤ
ਸ੍ਰੀਨਗਰ, 16 ਅਕਤੂਬਰ
ਨੈਸ਼ਨਲ ਕਾਨਫਰੰਸ (ਐੱਨਸੀ) ਆਗੂ ਉਮਰ ਅਬਦੁੱਲਾ ਨੇ ਅੱਜ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 2019 ਵਿੱਚ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇਹ ਪਹਿਲੀ ਚੁਣੀ ਗਈ ਸਰਕਾਰ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਅਬਦੁੱਲਾ ਅਤੇ ਪੰਜ ਮੰਤਰੀਆਂ ਸਕੀਨਾ ਮਸੂਦ, ਜਾਵੇਦ ਡਾਰ, ਰਾਣਾ, ਸੁਰਿੰਦਰ ਚੌਧਰੀ ਅਤੇ ਸਤੀਸ਼ ਸ਼ਰਮਾ ਨੂੰ ਸਹੁੰ ਚੁਕਾਈ। ਸਕੀਨਾ ਮਸੂਦ ਅਤੇ ਜਾਵੇਦ ਡਾਰ ਕਸ਼ਮੀਰ ਘਾਟੀ ਜਦਕਿ ਬਾਕੀ ਤਿੰਨ ਆਗੂ ਜੰਮੂ ਤੋਂ ਹਨ। ਸੁਰਿੰਦਰ ਚੌਧਰੀ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸ ਦੌਰਾਨ ਉਮਰ ਅਬਦੁੱਲਾ ਨੇ ਅੰਗਰੇਜ਼ੀ ਅਤੇ ਚੌਧਰੀ ਨੇ ਹਿੰਦੀ ਵਿੱਚ ਸਹੁੰ ਚੁੱਕੀ। ਨੈਸ਼ਨਲ ਕਾਨਫਰੰਸ ਨੇ ਕਾਂਗਰਸ ਨਾਲ ਰਲ ਕੇ ਚੋਣਾਂ ਲੜੀਆਂ ਸਨ ਪਰ ਉਮਰ ਨੇ ਹਾਲ ਦੀ ਘੜੀ ਮੰਤਰੀ ਮੰਡਲ ਵਿੱਚ ਕਿਸੇ ਵੀ ਕਾਂਗਰਸੀ ਨੂੰ ਸ਼ਾਮਲ ਨਹੀਂ ਕੀਤਾ।
ਸਮਾਗਮ ਦੌਰਾਨ ‘ਇੰਡੀਆ’ ਗੱਠਜੋੜ ਦੇ ਕਈ ਆਗੂਆਂ ਨੇ ਸ਼ਿਰਕਤ ਕੀਤੀ। ਇਸ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ, ਖੱਬੇਪੱਖੀ ਆਗੂ ਪ੍ਰਕਾਸ਼ ਕਰਾਤ ਤੇ ਡੀ. ਰਾਜਾ, ਡੀਐੱਮਕੇ ਦੀ ਕਨੀਮੋਜ਼ੀ ਅਤੇ ਐੱਨਸੀਪੀ ਦੀ ਸੁਪ੍ਰਿਆ ਸੂਲੇ ਸ਼ਾਮਲ ਸਨ। ਇਸ ਦੌਰਾਨ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਵੀ ਸ਼ਿਰਕਤ ਕੀਤੀ। ਸਹੁੰ ਚੁੱਕਣ ਮਗਰੋਂ ਨਵੇਂ ਮੁੱਖ ਮੰਤਰੀ ਉਮਰ ਨੇ ਕਿਹਾ, ‘ਮੈਂ ਕਿਹਾ ਸੀ ਕਿ ਅਸੀਂ ਜੰਮੂ ਨੂੰ ਇਹ ਮਹਿਸੂਸ ਨਹੀਂ ਹੋਣ ਦੇਵਾਂਗੇ ਕਿ ਇਸ ਦੀ ਕੋਈ ਆਵਾਜ਼ ਜਾਂ ਨੁਮਾਇੰਦਾ ਨਹੀਂ ਹੈ। ਮੈਂ ਜੰਮੂ ਤੋਂ ਉਪ ਮੁੱਖ ਮੰਤਰੀ ਚੁਣਿਆ ਹੈ ਤਾਂ ਕਿ ਜੰਮੂ ਦੇ ਲੋਕਾਂ ਨੂੰ ਲੱਗੇ ਕਿ ਇਹ ਸਰਕਾਰ ਜਿੰਨੀ ਬਾਕੀਆਂ ਦੀ ਹੈ, ਓਨੀ ਉਨ੍ਹਾਂ ਦੀ ਵੀ ਹੈ।’ ਉਨ੍ਹਾਂ ਕਿਹਾ ਕਿ ਤਿੰਨ ਮੰਤਰੀਆਂ ਦੇ ਅਹੁਦੇ ਖਾਲੀ ਹਨ, ਜਿਨ੍ਹਾਂ ਨੂੰ ਹੌਲੀ-ਹੌਲੀ ਭਰਿਆ ਜਾਵੇਗਾ। ਇਨ੍ਹਾਂ ’ਚੋਂ ਘੱਟੋ-ਘੱਟ 1-2 ਸੀਟਾਂ ਕਾਂਗਰਸ ਨੂੰ ਮਿਲਣ ਦੇ ਕਿਆਸ ਲਾਏ ਜਾ ਰਹੇ ਹਨ। ਸਹੁੰ ਚੁੱਕ ਸਮਾਗਮ ਮਗਰੋਂ ਮੁੱਖ ਮੰਤਰੀ ਉਮਰ ਨੇ ਸਿਵਲ ਸਕੱਤਰੇਤ ਜਾ ਕੇ ਆਪਣਾ ਅਹੁਦਾ ਸੰਭਾਲਿਆ। ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਤਾਰਿਕ ਹਮੀਦ ਕਰਾ ਨੇ ਕਿਹਾ ਕਿ ਫਿਲਹਾਲ ਕਾਂਗਰਸ ਜੰਮੂ ਕਸ਼ਮੀਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਉਹ ਇਸ ਨੂੰ ਸੂਬੇ ਦਾ ਦਰਜਾ ਨਾ ਮਿਲਣ ਤੋਂ ਨਾਖੁਸ਼ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਲਈ ਸੰਘਰਸ਼ ਕਰਦੀ ਰਹੇਗੀ। ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਹ ਦਿਨ ‘ਬਹੁਤ ਸ਼ੁਭ’ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕਈ ਸਾਲਾਂ ਬਾਅਦ ਆਪਣੀ ਸਰਕਾਰ ਮਿਲੀ ਹੈ। ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਕਿ ਇਹ ਨਵੀਂ ਸਰਕਾਰ ਸਾਡੇ ਜ਼ਖ਼ਮ ਭਰਨ ਦਾ ਕੰਮ ਕਰੇਗੀ।’ ਮੁੱਖ ਮੰਤਰੀ ਦੇ ਪਿਤਾ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਅੱਗੇ ਦਾ ਰਾਹ ਸੌਖਾ ਨਹੀਂ ਹੋਵੇਗਾ। ਬਾਰਾਮੂਲਾ ਤੋਂ ਸੰਸਦ ਮੈਂਬਰ ਸ਼ੇਖ ਅਬਦੁਲ ਰਾਸ਼ਿਦ (ਰਾਸ਼ਿਦ ਇੰਜਨੀਅਰ) ਨੇ ਵੀ ਉਮਰ ਅਬਦੁੱਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿਕਾਸ ਲਈ ਉਮਰ ਅਬਦੁੱਲਾ ਦਾ ਸਾਥ ਦੇਣਗੇ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਨੇ ਉਮਰ ਨੂੰ ਦਿੱਤੀ ਵਧਾਈ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੂੰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੀ ਤਰੱਕੀ ਲਈ ਕੇਂਦਰ ਸਰਕਾਰ ਉਨ੍ਹਾਂ ਨਾਲ ਰਲ ਕੇ ਕੰਮ ਕਰੇਗੀ। ਮੋਦੀ ਨੇ ‘ਐਕਸ’ ’ਤੇ ਕਿਹਾ, ‘ਉਮਰ ਅਬਦੁੱਲਾ ਨੂੰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ। ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ। ਜੰਮੂ ਕਸ਼ਮੀਰ ਦੇ ਵਿਕਾਸ ਲਈ ਕੇਂਦਰ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨਾਲ ਰਲ ਕੇ ਕੰਮ ਕਰੇਗੀ।’ -ਪੀਟੀਆਈ