ਉਨਾਓ (ਯੂਪੀ), 18 ਫਰਵਰੀ
ਇੱਥੇ ਤਿੰਨ ਡਾਕਟਰਾਂ ਦੇ ਪੈਨਲ ਨੇ ਦੋ ਨਾਬਾਲਗ ਦਲਿਤ ਲੜਕੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ, ਜਿਨ੍ਹਾਂ ਦੀਆਂ ਲਾਸ਼ਾਂ ਇੱਥੇ ਇੱਕ ਖੇਤ ’ਚ ਬਰਾਮਦ ਹੋਈਆਂ ਸਨ। ਤੀਜੀ ਲੜਕੀ ਕਾਨਪੁਰ ਦੇ ਰੀਜੈਂਸੀ ਹਸਪਤਾਲ ’ਚ ਜ਼ੇਰੇ ਇਲਾਜ ਹੈ, ਜਿਸਦੀ ਹਾਲਤ ਕਾਫ਼ੀ ਗੰਭੀਰ ਹੈ। ਡਾਕਟਰਾਂ ਮੁਤਾਬਕ ਉਸ ਨੂੰ ਜ਼ਹਿਰ ਦਿੱਤੇ ਜਾਣ ਦਾ ਖ਼ਦਸ਼ਾ ਹੈ ਤੇ ਇਸ ਸਮੇਂ ਉਹ ਵੈਂਟੀਲੇਟਰ ’ਤੇ ਹੈ। ਵਿਰੋਧੀ ਧਿਰ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਜਦਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਡੀਜੀਪੀ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਉਨਾਓ ਦੇ ਐੱਸਪੀ ਆਨੰਦ ਕੁਲਕਰਨੀ ਨੇ ਕਿਹਾ ਕਿ ਲੜਕੀਆਂ ਦੀ ਮਾਂ ਅਤੇ ਭਰਾ ਦੇ ਬਿਆਨਾਂ ’ਚ ਅੰਤਰ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
ਪੋਸਟਮਾਰਟਮ ਰਾਹੀਂ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ: ਡੀਜੀਪੀ
ਸੂਬੇ ਦੇ ਡੀਜੀਪੀ ਹਿਤੇਸ਼ ਚੰਦਰ ਅਵਸਥੀ ਨੇ ਕਿਹਾ ਕਿ ਦੋਵਾਂ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ’ਤੇ ਕਿਸੇ ਵੀ ਸੱਟ ਦੇ ਨਿਸ਼ਾਨ ਨਹੀਂ ਹਨ ਤੇ ਪੋਸਟਮਾਰਟਮ ’ਚ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ’ਚ ਵਿਸਰਾ ਜਾਂਚ ਕੀਤੀ ਜਾਵੇਗੀ।
ਰਾਹੁਲ ਵੱਲੋਂ ਯੂਪੀ ਸਰਕਾਰ ’ਤੇ ਦਲਿਤ ਸਮਾਜ ਨੂੰ ਦਬਾਉਣ ਦਾ ਦੋਸ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵਿਟਰ ’ਤੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਰਕਾਰ ਨਾ ਸਿਰਫ਼ ਦਲਿਤ ਸਮਾਜ ਨੂੰ ਦਬਾ ਰਹੀ ਹੈ, ਬਲਕਿ ਸੂਬੇ ਵਿੱਚ ਔਰਤਾਂ ਦੇ ਮਾਣ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਕਰ ਰਹੀ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਉਨਾਓ ਘਟਨਾ ਦਿਲ ਪਸੀਜਣ ਵਾਲੀ ਹੈ। ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕਰਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। -ਪੀਟੀਆਈ