ਨਵੀਂ ਦਿੱਲੀ, 19 ਫਰਵਰੀ
ਉਨਾਓ ’ਚ ਦੋ ਲੜਕੀਆਂ ਦੀ ਮੌਤ ਦੇ ਮਾਮਲੇ ’ਚ ਖੱਬੀਆਂ ਧਿਰਾਂ ਨਾਲ ਸਬੰਧਤ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਅੱਜ ਇੱਥੇ ਉੱਤਰ ਪ੍ਰਦੇਸ਼ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ਪੁਲੀਸ ਨੇ ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਉਨ੍ਹਾਂ ਨੂੰ ਮੰਦਰ ਮਾਰਗ ਪੁਲੀਸ ਸਟੇਸ਼ਨ ਲਿਜਾਇਆ ਗਿਆ। ਜਥੇਬੰਦੀ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਦੋਵੇਂ ਨਾਬਾਲਿਗ ਦਲਿਤ ਲੜਕੀਆਂ ਦੀ ਹੱਤਿਆ ਕੀਤੀ ਗਈ ਹੈ ਅਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਵੈਂਟੀਲੇਟਰ ’ਤੇ ਪਈ ਤੀਜੀ ਲੜਕੀ ਦਾ ਵਧੀਆ ਹਸਪਤਾਲ ’ਚ ਇਲਾਜ ਕਰਵਾਇਆ ਜਾਵੇ। ਵਿਦਿਆਰਥੀ ਜਥੇਬੰਦੀ ਨੇ ਬਿਆਨ ’ਚ ਕਿਹਾ ਕਿ ਪੀੜਤਾਂ ਨੂੰ ਢੁੱਕਵਾਂ ਇਨਸਾਫ਼ ਦਿਵਾਇਆ ਜਾਵੇ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਹੁਦੇ ਤੋਂ ਅਸਤੀਫ਼ਾ ਦੇਣ। -ਪੀਟੀਆਈ
ਮ੍ਰਿਤ ਮਿਲੀਆਂ ਦੋ ਲੜਕੀਆਂ ਦਾ ਸਸਕਾਰ
ਉਨਾਓ: ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਅਸੋਹਾ ਇਲਾਕੇ ਦੇ ਬਬੁਰਹਾ ਪਿੰਡ ਦੇ ਬਾਹਰ ਬੀਤੇ ਦਿਨੀਂ ਸ਼ੱਕੀ ਹਾਲਾਤ ’ਚ ਮ੍ਰਿਤਕ ਮਿਲੀਆਂ ਦੋ ਲੜਕੀਆਂ ਦਾ ਸਸਕਾਰ ਅੱਜ ਸਵੇਰੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਅਸੋਹਾ ਥਾਣਾ ਇਲਾਕੇ ਦੇ ਬਬੁਰਹਾ ਪਿੰਡ ’ਚ ਬੁੱਧਵਾਰ ਸ਼ਾਮ ਪਸ਼ੂਆਂ ਲਈ ਚਾਰਾ ਲੈਣ ਗਈਆਂ ਤਿੰਨ ਦਲਿਤ ਲੜਕੀਆਂ ਖੇਤਾਂ ’ਚ ਸ਼ੱਕੀ ਹਾਲਤ ’ਚ ਮਿਲਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਤੀਜੀ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਕਾਨਪੁਰ ’ਚ ਇਲਾਜ ਚੱਲ ਰਿਹਾ ਹੈ। ਪੋਸਟਮਾਰਟਮ ਮਗਰੋਂ ਦੋਵਾਂ ਲੜਕੀਆਂ ਦੀਆਂ ਲਾਸ਼ਾਂ ਪਿੰਡ ਲਿਜਾਈਆਂ ਗਈਆਂ ਜਿੱਥੇ ਅੱਜ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਕਿਸ਼ੋਰ ਰਾਵਤ, ਸਥਾਨਕ ਵਿਧਾਇਕ ਅਨਿਲ ਸਿੰਘ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। -ਪੀਟੀਆਈ