ਨਵੀਂ ਦਿੱਲੀ: ਯੂਜੀਸੀ ਦੇ ਚੇਅਰਮੈਨ ਐੱਮ ਜਗਦੇਸ਼ ਕੁਮਾਰ ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀਆਂ ਨੂੰ ਇਸ ਵਰ੍ਹੇ ਅੰਡਰ-ਗਰੈਜੂਏਟ ਕਲਾਸਾਂ ਵਿੱਚ ਦਾਖ਼ਲਾ ਦੇਣ ਲਈ ‘ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ’ (ਸੀਯੂਈਟੀ) ਵਿੱਚ ਮਿਲਣ ਵਾਲੇ ਅੰਕਾਂ ਦੀ ਵਰਤੋਂ ਕਰਨੀ ਲਾਜ਼ਮੀ ਹੋਵੇਗੀ, ਨਾ ਕਿ ਬਾਰ੍ਹਵੀਂ ਜਮਾਤ ਦੇ ਅੰਕਾਂ ਦੀ। ਉਨ੍ਹਾਂ ਕਿਹਾ ਕਿ ਸੀਯੂਈਟੀ ਜੁਲਾਈ ਦੇ ਪਹਿਲੇ ਹਫ਼ਤੇ ਲੈ ਲਿਆ ਜਾਵੇਗਾ। ਇੱਕ ਜਨਤਕ ਨੋਟਿਸ ਰਾਹੀਂ ਯੂਜੀਸੀ ਨੇ ਕਿਹਾ ਕਿ ਅੰਡਰ-ਗਰੈਜੂਏਟ ਸੀਯੂਈਟੀ ਲਈ ਅਰਜ਼ੀਆਂ ਭੇਜਣ ਦੀ ਪ੍ਰਕਿਰਿਆ ਅਪਰੈਲ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ। ਸ੍ਰੀ ਕੁਮਾਰ ਨੇ ਇੱਕ ਪ੍ਰੈੱਸ ਬਿਆਨ ’ਚ ਕਿਹਾ,‘ਅਕਾਦਮਿਕ ਵਰ੍ਹੇ 2022-23 ਤੋਂ ਕੌਮੀ ਪ੍ਰੀਖਿਆ ਏਜੰਸੀ ਅੰਡਰ-ਗਰੈਜੂਏਟ ਤੇ ਪੋਸਟ-ਗਰੈਜੂਏਟ ਕਲਾਸਾਂ ਲਈ ਸੀਯੂਈਟੀ ਲਵੇਗੀ। ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਨੂੰ ਸਾਰੀਆਂ ਕਲਾਸਾਂ ਵਿੱਚ ਦਾਖ਼ਲਾ ਦੇਣ ਲਈ ਸੀਯੂਈਟੀ ਦੇ ਅੰਕਾਂ ਨੂੰ ਧਿਆਨ ’ਚ ਰੱਖਣਾ ਪਵੇਗਾ।’ ਯੂਜੀਸੀ ਵੱਲੋਂ ਇਸ ਸਮੇਂ 45 ਯੂਨੀਵਰਸਿਟੀਆਂ ਨੂੰ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਸ੍ਰੀ ਕੁਮਾਰ ਨੇ ਦੱਸਿਆ ਕਿ ਸੀਯੂਈਟੀ ਲਈ ਸਿਲੇਬਸ ਐੱਨਸੀਈਆਰਟੀ ਦੇ 12 ਜਮਾਤ ਦੇ ਮਾਡਲ ਸਿਲੇਬਸ ਨਾਲ ਮਿਲਦਾ ਜੁਲਦਾ ਹੋਵੇਗਾ। ਸੀਯੂਈਟੀ ਵਿੱਚ ਸੈਕਸ਼ਨ 1 ਏ, ਸੈਕਸ਼ਨ 1 ਬੀ, ਜਨਰਲ ਟੈਸਟ ਤੇ ਮੁੱਖ ਵਿਸ਼ੇ ( ਡੋਮੇਨ-ਸਪੈਸੀਫਿਕ ਵਿਸ਼ੇ) ਹੋਣਗੇ। ਸੈਕਸ਼ਨ 1 ਏ ਲਾਜ਼ਮੀ ਹੋਵੇਗਾ ਜੋ 13 ਭਾਸ਼ਾਵਾਂ ਵਿੱਚ ਹੋਵੇਗਾ ਤੇ ਉਮੀਦਵਾਰ ਆਪਣੀ ਪਸੰਦੀਦਾ ਭਾਸ਼ਾ ਦੀ ਚੋਣ ਕਰ ਸਕੇਗਾ। ਇਨ੍ਹਾਂ ਵਿੱਚ ਇੰਗਲਿਸ਼, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜਾ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲਗੂ ਤੇ ਉਰਦੂ ਸ਼ਾਮਲ ਹਨ। ਸੈਕਸ਼ਨ 1 ਬੀ ਆਪਸ਼ਨਲ ਹੋਵੇਗਾ ਤੇ ਉਨ੍ਹਾਂ ਵਿਦਿਆਰਥੀਆਂ ਲਈ ਹੋਵੇਗਾ ਜੋ ਸੈਕਸ਼ਨ 1 ਏ ਦੀਆਂ ਭਾਸ਼ਾਵਾਂ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਦੀ ਚੋਣ ਕਰਨਾ ਚਾਹੁੰਦੇ ਹਨ। ਕੁਝ ਹੋਰ ਭਾਸ਼ਾਵਾਂ ਵਿੱਚ ਫਰੈਂਚ, ਅਰਬੀ, ਜਰਮਨ ਆਦਿ ਸ਼ਾਮਲ ਹਨ। -ਪੀਟੀਆਈ