ਨਵੀਂ ਦਿੱਲੀ, 9 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ ਅਤੇ ਬਿਨਾਂ ਕਿਸੇ ਅੜਿੱਕੇ ਦੇ ਸਮੁੰਦਰੀ ਪਹੁੰਚ ਮੁਲਕ ਦੀਆਂ ਮੁੱਢਲੀਆਂ ਲੋੜਾਂ ’ਚੋਂ ਇਕ ਹੈ। ਭਾਰਤੀ ਸਾਹਿਲੀ ਰੱਖਿਅਕਾਂ (ਆਈਸੀਜੀ) ਦੇ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਮੁੰਦਰਾਂ ਨਾਲ ਭਾਰਤ ਦਾ ਡੂੰਘਾ ਸਬੰਧ ਰਿਹਾ ਹੈ। ‘ਸਾਡਾ ਵਪਾਰ, ਅਰਥਚਾਰਾ, ਤਿਉਹਾਰ ਅਤੇ ਸੱਭਿਆਚਾਰ ਕਾਫ਼ੀ ਹੱਦ ਤੱਕ ਸਮੁੰਦਰ ਨਾਲ ਨਜ਼ਦੀਕ ਤੋਂ ਜੁੜੇ ਹੋਏ ਹਨ। ਉਂਜ ਸਮੁੰਦਰ ਨਾਲ ਸਬੰਧਤ ਕਈ ਚੁਣੌਤੀਆਂ ਦਾ ਵੀ ਅਸੀਂ ਸਾਹਮਣਾ ਕੀਤਾ ਹੈ।’ ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਨੇ ਸਿਖਾਇਆ ਹੈ ਕਿ ਸਮੁੰਦਰੀ ਸੁਰੱਖਿਆ ਯਕੀਨੀ ਬਣਾਏ ਬਿਨਾਂ ਵਿਆਪਕ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਢਾਂਚਾ ਤਿਆਰ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਮੁੰਦਰੀ ਇਲਾਕਿਆਂ ਨੂੰ ਸੁਰੱਖਿਅਤ ਅਤੇ ਪ੍ਰਦੂਸ਼ਣ ਮੁਕਤ ਰੱਖਣ ਨਾਲ ਸਾਡੀਆਂ ਸੁਰੱਖਿਆ ਲੋੜਾਂ ਤੋਂ ਇਲਾਵਾ ਵਾਤਾਵਰਨ ਅਤੇ ਵਪਾਰ ਦਾ ਵਿਕਾਸ ਯਕੀਨੀ ਹੁੰਦਾ ਹੈ। ਉਨ੍ਹਾਂ ਆਈਸੀਜੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਾਵੇਂ ਕੱਚੇ ਤੇਲ ਦੇ ਵੱਡੇ ਮਾਲਵਾਹਕ ਜਹਾਜ਼ ਨਿਊ ਡਾਇਮੰਡ ਜਾਂ ਐਕਸਪ੍ਰੈੱਸ ਪਰਲ ਨਾਲ ਸਬੰਧਤ ਹਾਦਸੇ ਹੋਣ, ਆਈਸੀਜੀ ਨੇ ਸਾਗਰ ਆਰਕਸ਼ਾ-1 ਅਤੇ 2 ਮੁਹਿੰਮਾਂ ਚਲਾ ਕੇ ਅੱਗ ਬੁਝਾਉਣ ਅਤੇ ਪ੍ਰਦੂਸ਼ਣ ਨਾਲ ਸਿੱਝਣ ’ਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਤੱਟ ਰੱਖਿਅਕ ਸਮੇਂ ਸਿਰ ਹਰਕਤ ’ਚ ਨਾ ਆਉਂਦੇ ਤਾਂ ਇਸ ਨਾਲ ਹਿੰਦ ਮਹਾਸਾਗਰ ਖ਼ਿੱਤੇ ’ਚ ਭਾਰੀ ਨੁਕਸਾਨ ਹੋਣਾ ਸੀ। ਉਨ੍ਹਾਂ ਕਿਹਾ ਕਿ ਆਈਸੀਜੀ ਦੇ ਬਹਾਦਰੀ ਭਰੇ ਕਾਰਨਾਮਿਆਂ ਕਾਰਨ ਦੇਸ਼ ਨੂੰ ਕੌਮਾਂਤਰੀ ਪੱਧਰ ’ਤੇ ਵੀ ਮਾਨਤਾ ਮਿਲੀ। -ਪੀਟੀਆਈ