ਨਵੀਂ ਦਿੱਲੀ, 7 ਅਕਤੂਬਰ
ਆਰਐੱਸਐੱਸ ਦੇ ਸੀਨੀਅਰ ਅਹੁਦੇਦਾਰ ਇੰਦਰੇਸ਼ ਕੁਮਾਰ ਨੇ ਲਖੀਮਪੁਰ ਖੀਰੀ ਹਿੰਸਾ ਦੀ ਨਿੰਦਾ ਕੀਤੀ ਅਤੇ ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਦੇਸ਼ ’ਚ ਨਫ਼ਰਤ ਤੇ ਹਿੰਸਾ ਦਾ ਮਾਹੌਲ ਪੈਦਾ ਕਰ ਰਹੇ ਹਨ। ਉਨ੍ਹਾਂ ਜਾਂਚ ਕਮਿਸ਼ਨ ਬਣਾਉਣ ਲਈ ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੂੰ ਵਧਾਈ ਦਿੱਤੀ ਹੈ। ਆਰਐੱਸਐੱਸ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਇੰਦਰੇਸ਼ ਕੁਮਾਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਰਾਸ਼ਟਰ ਵਿਆਪੀ ਅੰਦੋਲਨ ਨਹੀਂ ਹੈ ਅਤੇ ਇਹ ਅਤਿਵਾਦੀਆਂ ਦੇ ਨਾਪਾਕ ਇਰਾਦਿਆਂ ਤੇ ਵਿਰੋਧੀ ਧਿਰਾਂ ਦੀ ਸਿਆਸਤ ਦਾ ਨਤੀਜਾ ਹੈ। ‘ਕਿਸਾਨਾਂ ਵੱਲੋਂ ਭਾਰਤ ਬੰਦ ਦਾ ਦਿੱਤਾ ਗਿਆ ਸੱਦਾ ਹਰ ਵਾਰ ਅਸਫ਼ਲ ਰਿਹਾ ਹੈ। ਕਿਸਾਨਾਂ ਦਾ ਅੰਦੋਲਨ ਅਤਿਵਾਦੀਆਂ ਅਤੇ ਸਿਆਸੀ ਪਾਰਟੀਆਂ ਤੋਂ ਪ੍ਰਭਾਵਿਤ ਹੈ।’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਲਈ ਗੱਲਬਾਤ ਦੇ ਦਰਵਾਜ਼ੇ ਅੱਜ ਵੀ ਖੁੱਲ੍ਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਅੱਗੇ ਆ ਕੇ ਸਰਕਾਰ ਨਾਲ ਗੱਲਬਾਤ ਕਰਨ ਤਾਂ ਜੋ ਮਸਲਿਆਂ ਦਾ ਫੌਰੀ ਹੱਲ ਕੱਢਿਆ ਜਾ ਸਕੇ। -ਪੀਟੀਆਈ