ਕੋਲਕਾਤਾ, 25 ਅਪਰੈਲ
ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਨੇ ਅੱਜ ਇੱਥੇ ਜਾਣਕਾਰੀ ਦਿੱਤੀ ਕਿ ਉਹ ਤੇ ਉਨ੍ਹਾਂ ਦੀ ਪਤਨੀ ਦੀ ਕਰੋਨਾਵਾਇਰਸ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ, ਇਸ ਕਰ ਕੇ 26 ਅਪਰੈਲ ਨੂੰ ਉਹ ਆਸਨਸੋਲ ਵਿਚ ਵੋਟ ਨਹੀਂ ਪਾ ਸਕਣਗੇ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਮਾਨਸਿਕ ਤੌਰ ’ਤੇ ਆਸਨਸੋਲ ਖੇਤਰ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਦੇ ਨਾਲ ਹੋਣਗੇ ਅਤੇ ਘਰ ਬੈਠੇ ਹਾਲਾਤ ’ਤੇ ਨਜ਼ਰ ਰੱਖਣਗੇ। ਜ਼ਿਕਰਯੋਗ ਹੈ ਕਿ ਸ੍ਰੀ ਸੁਪ੍ਰਿਓ ਦੂਜੀ ਵਾਰ ਕਰੋਨਾ ਦੀ ਲਪੇਟ ’ਚ ਆਏ ਹਨ। ਸ੍ਰੀ ਸੁਪ੍ਰਿਓ ਨੇ ਟਵੀਟ ਕੀਤਾ, ‘‘ਮੈਂ ਤੇ ਮੇਰੀ ਪਤਨੀ ਦੀ ਕਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਦੂਜੀ ਵਾਰ ਪਾਜ਼ੇਟਿਵ ਹੋਇਆ ਹਾਂ। ਬਹੁਤ ਦੁੱਖ ਦੀ ਗੱਲ ਹੈ ਕਿ ਮੈਂ ਆਸਨਸੋਲ ਵਿਚ ਵੋਟ ਨਹੀਂ ਪਾ ਸਕਾਂਗਾ। 26 ਤਰੀਕ ਨੂੰ ਵੋਟਾਂ ਵੇਲੇ ਮੈਨੂੰ ਸੜਕ ’ਤੇ ਹੋਣਾ ਚਾਹੀਦਾ ਸੀ ਜਿੱਥੇ @ ਨਿਰਾਸ਼ ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਨਿਰਪੱਖ ਚੋਣਾਂ ਹੋਣ ਤੋਂ ਰੋਕਣ ਲਈ ਦਹਿਸ਼ਤ ਫੈਲਾਈ ਹੋਈ ਹੈ।’’ ਜ਼ਿਕਰਯੋਗ ਹੈ ਕਿ ਸੁਪ੍ਰਿਓ ਜੋ ਆਸਨਸੋਲ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ, ਟੌਲੀਗੰਜ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ ਜਿੱਥੇ ਕਿ ਵੋਟਾਂ ਪੈ ਚੁੱਕੀਆਂ ਹਨ। -ਪੀਟੀਆਈ