ਬੇਗੂਸਰਾਏ (ਬਿਹਾਰ), 7 ਮਾਰਚ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਆਪਣੇ ਲੋਕ ਸਭਾ ਹਲਕੇ ਬੇਗੂਸਰਾਏ ਦੇ ਲੋਕਾਂ ਨੂੰ ਕਿਹਾ ਕਿ ਜੇ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਤਾਂ “ਉਨ੍ਹਾਂ ਨੂੰ ਡਾਂਗ ਨਾਲ ਕੁੱਟੋ।” ਭਾਜਪਾ ਆਗੂ ਜੋ ਆਪਣੇ ਬਿਆਨ ਕਾਰਨ ਅਕਸਰ ਚਰਚਾ ਵਿਚ ਰਹਿੰਦੇ ਹਨ, ਨੇ ਖੇਤੀਬਾੜੀ ਸੰਸਥਾ ਵੱਲੋਂ ਕਰਵਾਏ ਸਮਾਗਮ ਵਿੱਚ ਇਹ ਗੱਲ ਕਹੀ। ਉਨ੍ਹਾਂ ਦੀ ਇਹ ਗੱਲ ਸੁਣ ਕੇ ਉਥੇ ਮੌਜੂਦ ਲੋਕਾਂ ਨੂੰ ਤਾੜੀਆਂ ਮਾਰੀਆਂ। ਕੇਂਦਰੀ ਮੱਛੀ, ਪਸ਼ੂ ਪਾਲਣ ਤੇ ਡੇਅਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਕਸਰ ਸ਼ਿਕਾਇਤਾਂ ਮਿਲਦੀਆਂ ਹਨ ਕਿ ਅਧਿਕਾਰੀ ਲੋਕਾਂ ਦੇ ਕੰਮ ਨਹੀਂ ਕਰਦੇ, ਉਨ੍ਹਾਂ ਦੀਆਂ ਸ਼ਿਕਾਇਤਾਂ ਨਹੀਂ ਸੁਣਦੇ। ਮੰਤਰੀ ਨੇ ਕਿਹਾ, “ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਇੰਨੀ ਛੋਟੀ ਜਿਹੀ ਚੀਜ਼ ਲਈ ਆਉਣ ਦੀ ਲੋੜ ਨਹੀਂ। ਸੰਸਦ ਮੈਂਬਰ, ਵਿਧਾਇਕ, ਪਿੰਡ ਦੇ ਮੁਖੀ, ਡੀਸੀ, ਐੱਸਡੀਐੱਮ, ਬੀਡੀਓ …. ਸਭ ਦਾ ਫਰਜ਼ ਹੈ ਕਿ ਉਹ ਜਨਤਾ ਦੀ ਸੇਵਾ ਕਰਨ। ਜੇ ਉਹ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਡਾਂਗ ਚੁੱਕੋ ਤੇ ਦੋਵਾਂ ਹੱਥਾਂ ਨਾਲ ਜ਼ੋਰਦਾਰ ਵਾਰ ਉਨ੍ਹਾਂ ਦੇ ਸਿਰ ’ਤੇ ਕਰੋ। ਜੇ ਇਸ ਨਾਲ ਵੀ ਕੰਮ ਨਹੀਂ ਕਰਦਾ ਤਾਂ ਗਿਰੀਰਾਜ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।”