ਲਖੀਮਪੁਰ ਖੀਰੀ, 15 ਦਸੰਬਰ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤਿਕੋਨੀਆ ਮਾਮਲੇ ਵਿੱਚ ਆਪਣੇ ਪੁੱਤਰ ਖਿਲਾਫ਼ ਧਾਰਾਵਾਂ ਵਧਾਏ ਜਾਣ ਨਾਲ ਸਬੰਧਤ ਇਕ ਸਵਾਲ ਨੂੰ ਲੈ ਕੇ ਅੱਜ ਪੱਤਰਕਾਰਾਂ ’ਤੇ ਭੜਕ ਪਏ ਅਤੇ ਉਨ੍ਹਾਂ, ਕਥਿਤ ਤੌਰ ’ਤੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਤੇ ਉਨ੍ਹਾਂ ਦੀ ਖਿੱਚਧੂਹ ਕੀਤੀ। ਇਹ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਨੂੰ ਲੈ ਕੇ ਗੁੱਸੇ ਵਿੱਚ ਆਏ ਪੱਤਰਕਾਰਾਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਵੀਡੀਓ ਮੁਤਾਬਿਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਓਇਲ ਇਲਾਕੇ ਵਿੱਚ ਸਥਿਤ ਇਕ ਸਿਹਤ ਕੇਂਦਰ ਵਿੱਚ ਆਕਸੀਜ਼ਨ ਪਲਾਂਟ ਦਾ ਉਦਘਾਟਨ ਕਰਨ ਗਏ ਸਨ। ਉਥੋਂ ਬਾਹਰ ਨਿਕਲਦਿਆਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਸਵਾਲ ਕੀਤਾ, ਜਿਸ ਤੋਂ ਉਹ ਭੜਕ ਗਏ। ਪੀੜਤ ਪੱਤਰਕਾਰ ਨਵੀਨ ਅਵਸਥੀ ਨੇ ਦੋਸ਼ ਲਗਾਇਆ ਕਿ ਮਿਸ਼ਰਾ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਗਲ ਤੋਂ ਫੜ ਲਿਆ। ਇਸ ਘਟਨਾ ਦੇ ਵਿਰੋਧ ਵਿੱਚ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪੱਤਰਕਾਰਾਂ ਭੜਕ ਗਏ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। -ਏਜੰਸੀ