ਨਵੀਂ ਦਿੱਲੀ, 14 ਮਾਰਚ
ਸਿੱਖਿਆ ਮੰਤਰਾਲੇ ਨੇ ਦਸਤਾਵੇਜ਼ਾਂ ਦੀ ਸੌਖੀ ਆਨਲਾਈਨ ਪੜਤਾਲ ਲਈ ਆਨਲਾਈਨ ਵਿਦਿਆਰਥੀ-ਅਧਿਆਪਕ ਰਜਿਸਟਰੇਸ਼ਨ ਪ੍ਰਬੰਧਨ ਪ੍ਰਣਾਲੀ (ਓਟੀਪੀਆਰਐੱਮਐੱਸ) ਰਾਹੀਂ ਸਰਟੀਫਿਕੇਟਾਂ ਨੂੰ ‘ਡਿਜੀਲੌਕਰ’ ਨਾਲ ਜੋੜਨ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰੀਆਲ ‘ਨਿਸ਼ੰਕ’ ਨੇ ਐਤਵਾਰ ਨੂੰ ਇਹ ਐਲਾਨ ਕਰਦਿਆਂ ਦੱਸਿਆ ਕਿ ਜਾਰੀ ਕੀਤੇ ਸਰਟੀਫਿਕੇਟ ਆਪਣੇ-ਆਪ ਹੀ ਡਿਜੀਲੌਕਰ ਵਿੱਚ ਟਰਾਂਸਫਰ ਹੋ ਜਾਣਗੇ ਅਤੇ ਇਨ੍ਹਾਂ ਨੂੰ ਨੈਸ਼ਨਲ ਕੌਂਸਲ ਆਫ਼ ਟੀਚਰ ਐਜੂਕੇਸ਼ਨ (ਐੱਨਸੀਟੀਈ) ਦੀ ਵੈੱਬਸਾਈਟ ਰਾਹੀਂ ਵੀ ਖੋਲ੍ਹਿਆ ਜਾ ਸਕੇਗਾ। ਨਿਸ਼ੰਕ ਨੇ ਕਿਹਾ, ‘ਓਟੀਪੀਆਰਐੱਮਐੱਸ ਰਾਹੀਂ ਸਰਟੀਫਿਕੇਟਾਂ ਦੀ ਮੁਫ਼ਤ ਤਸਦੀਕ ਮੁਹੱਈਆ ਕਰਵਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਤਹਿਤ ਸਿੱਖਿਆ ਮੰਤਰਾਲੇ ਨੇ ਸਰਟੀਫਿਕੇੇਟਾਂ ਨੂੰ ਡਿਜੀਲੌਕਰ ਨਾਲ ਜੋੜਨ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਦੱਸਿਆ ਕਿ ਐੱਨਸੀਟੀਈ ਵੱਲੋਂ ਜਾਰੀ ਓਟੀਪੀਆਰਐੱਮਐੱਸ ਸਰਟੀਫਿਕੇਟ ਪ੍ਰਾਪਤ ਕਰਨ ਲਈ ਲੱਗਦੀ 200 ਰੁਪਏ ਫ਼ੀਸ ਵੀ ਮੁਆਫ਼ ਕੀਤੀ ਜਾ ਚੁੱਕੀ ਹੈ। ਇਹ ਦੇਸ਼ ਭਰ ’ਚ ਸਾਰੇ ਉੱਦਮੀਆਂ ਨੂੰ ਕਾਰੋਬਾਰ ਵਿੱਚ ਆਸਾਨੀ ਪ੍ਰਦਾਨ ਕਰਨ ’ਚ ਮਦਦ ਕਰੇਗਾ। -ਏਜੰਸੀ