ਦਵਿੰਦਰ ਪਾਲ
ਚੰਡੀਗੜ੍ਹ, 30 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਕਿਸਾਨੀ ਏਕਤਾ ਨਾਲ ਅਤੇ ਸ਼ਾਂਤ ਰਹਿ ਕੇ ਅੰਦੋਲਨ ਨੂੰ ਅੱਗੇ ਵਧਾਉਣਾ ਹੀ ਕਿਸਾਨ ਸੰਘਰਸ਼ ਦੀ ਜਿੱਤ ਦਾ ਮੰਤਰ ਹੈ। ਦਿੱਲੀ ਮੋਰਚੇ ਤੋਂ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਪਹੁੰਚੇ ਕਿਸਾਨ ਆਗੂ ਨੇ ਪੰਜਾਬ ਦੇ ਹਰ ਵਰਗ ਨਾਲ ਸਬੰਧਤ ਲੋਕਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਉਹ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦਾ ਕੌਮਾਂਤਰੀ ਪੱਧਰ ’ਤੇ ਇਹ ਅਸਰ ਹੋਇਆ ਹੈ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਵੀ ਗਣਤੰਤਰ ਦਿਵਸ ਸਮਾਗਮ ਵਿੱਚ ਭਾਰਤ ਦੀ ਮਹਿਮਾਨਨਿਵਾਜ਼ੀ ਕਬੂਲਣ ਤੋਂ ਇਨਕਾਰ ਕਰ ਦਿੱਤਾ। ਵਿਦੇਸ਼ੀ ਸੰਸਦਾਂ ਵਿੱਚ ਕਿਸਾਨੀ ਅੰਦੋਲਨ ਦੀ ਲਗਾਤਾਰ ਗੂੰਜ ਪੈਣ ਕਾਰਨ ਮੋਦੀ ਸਰਕਾਰ ਇਸ ਵੇਲੇ ਭਾਰੀ ਦਬਾਅ ਹੇਠ ਹੈ। ਇਹੀ ਕਾਰਨ ਹੈ ਕਿ ਭਾਜਪਾ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰ ਕੇ ਫੇਲ੍ਹ ਕਰਨ ਦੀਆਂ ਚਾਲਾਂ ਚੱਲ ਰਹੀ ਹੈ। ਸ੍ਰੀ ਰਾਜੇਵਾਲ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਵਾਪਰੀਆਂ ਘਟਨਾਵਾਂ ਭਾਰਤ ਸਰਕਾਰ ਤੇ ਖ਼ੁਫ਼ੀਆ ਏਜੰਸੀਆਂ ਦੀਆਂ ਚਾਲਾਂ ਦੇ ਪਰਦੇ ਚੁੱਕਦੀਆਂ ਹਨ। ਸਾਰੀ ਦੁਨੀਆ ਜਾਣਦੀ ਹੈ ਕਿ ਕਿਸਾਨ ਅੰਦੋਲਨ ਪਹਿਲੇ ਦਿਨ ਤੋਂ ਹੀ ਸ਼ਾਂਤਮਈ ਹੈ। ਭਾੜੇ ਦੇ ਲੋਕਾਂ ਤੋਂ ਲਾਲ ਕਿਲੇ ’ਤੇ ਘਟਨਾ ਨੂੰ ਅੰਜਾਮ ਦਿਵਾ ਕੇ ਭਾਜਪਾ ਸਰਕਾਰ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ।
ਸ੍ਰੀ ਰਾਜੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਸੰਜਮ ਤੇ ਜ਼ਾਬਤੇ ਤੋਂ ਕੰਮ ਲੈਂਦਿਆਂ ਕਿਸਾਨ ਪਰੇਡ ਰੱਦ ਕੀਤੀ ਅਤੇ ਮੋਰਚੇ ’ਚ ਆ ਕੇ ਸਥਿਤੀ ਨੂੰ ਸੰਭਾਲਿਆ। ਕੇਂਦਰ ਸਰਕਾਰ ਨੇ ਗੋਦੀ ਮੀਡੀਆ ਰਾਹੀਂ ਲਗਾਤਾਰ ਅੰਦੋਲਨ ਨੂੰ ਬਦਨਾਮ ਕਰਨ ਦਾ ਰਾਹ ਫੜਿਆ ਹੋਇਆ ਹੈ ਅਤੇ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਦੇਸ਼ ਦੀ ਜਨਤਾ ਅਸਲੀਅਤ ਜਾਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਹਾਲੇ ਵੀ ਕੇਂਦਰ ਨਾਲ ਗੱਲਬਾਤ ਦੇ ਰਾਹ ਖੁੱਲ੍ਹੇ ਰੱਖੇ ਹੋਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੇਂਦਰ ਤੇ ਕਿਸਾਨਾਂ ਨੂੰ ਜ਼ਿੱਦ ਛੱਡ ਕੇ ਇਕ-ਇਕ ਕਦਮ ਪਿੱਛੇ ਹਟਣ ਸਬੰਧੀ ਕੀਤੀ ਗਈ ਅਪੀਲ ਬਾਰੇ ਰਾਜੇਵਾਲ ਨੇ ਕਿਹਾ ਕਿ ਉਹ ਇਸ ਅਪੀਲ ਦਾ ਸਨਮਾਨ ਕਰਦੇ ਹਨ ਅਤੇ ਇਸ ਉਤੇ ਕੋਰ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ।
ਸ੍ਰੀ ਰਾਜੇਵਾਲ ਨੇ ਕਿਹਾ ਕਿ ਉਹ ਹਿੰਸਾ ਦੇ ਵਿਰੋਧੀ ਹਨ ਅਤੇ ਜੋ ਕੁਝ 26 ਜਨਵਰੀ ਨੂੰ ਵਾਪਰਿਆ, ਉਹ ਉਸ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਲਾਲ ਕਿਲਾ ਦੇਸ਼ ਦੀ ਸ਼ਾਨ ਹੈ ਅਤੇ ਇਸ ਘਟਨਾ ਨਾਲ ਉਨ੍ਹਾਂ ਨੂੰ ਝਟਕਾ ਲੱਗਿਆ ਹੈ। ਉਨ੍ਹਾਂ ਕਿਹਾ, ‘‘ਮੇਰਾ ਸੁਨੇਹਾ ਸਪੱਸ਼ਟ ਹੈ ਕਿ ਜੇਕਰ ਕੋਈ ਕਿਸਾਨਾਂ ਨੂੰ ਉਕਸਾਏ ਤੇ ਹਮਲਾ ਵੀ ਕਰੇ ਤਾਂ ਵੀ ਉਨ੍ਹਾਂ ਨੇ ਸ਼ਾਂਤੀਪੂਰਵਕ ਰਹਿਣਾ ਹੈ। ਸ਼ਾਂਤੀ ਰੱਖਣੀ ਕਿਸਾਨਾਂ ਦੀ ਜ਼ਿੰਮੇਵਾਰੀ ਹੈ, ਨਹੀਂ ਤਾਂ ਅਸ਼ਾਂਤੀ ਨਾਲ ਹਾਰ ਯਕੀਨੀ ਹੈ।’’ ਦੀਪ ਸਿੱਧੂ ਵੱਲੋਂ ਕਿਸਾਨ ਆਗੂਆਂ ਦੀ ਪੋਲ ਖੋਲ੍ਹਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ, ਦਾ ਜਵਾਬ ਦੇਣ ਤੋਂ ਰਾਜੇਵਾਲ ਨੇ ਕਿਨਾਰਾ ਕਰਦਿਆਂ ਸਿਰਫ਼ ਐਨਾ ਹੀ ਕਿਹਾ ਕਿ ਉਹ ਭੜਕਾਹਟ ’ਚ ਨਹੀਂ ਆਉਣਾ ਚਾਹੁੰਦੇ।