ਨਾਗਪੁਰ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਏਕਤਾ ਭਾਰਤੀ ਸਭਿਆਚਾਰ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਹੀ ਤੱਥ ਦੇਸ਼ ਨੂੰ ‘ਵਿਸ਼ਵ ਗੁਰੂ’ ਬਣਾਉਣ ਲਈ ਸਭ ਤੋਂ ਅਹਿਮ ਕੜੀ ਰਹੀ ਹੈ। ਲੋਕਮਤ ਮੀਡੀਆ ਗਰੁੱਪ ਵੱਲੋਂ ਆਪਣੇ ਨਾਗਪੁਰ ਐਡੀਸ਼ਨ ਦੇ ਗੋਲਡਨ ਜੁਬਲੀ ਸਮਾਰੋਹ ਮੌਕੇ ਕਰਵਾਏ ਇੱਕ ਅੰਤਰ-ਧਾਰਮਿਕ ਸੰਮੇਲਨ ਦੌਰਾਨ ‘ਭਾਈਚਾਰਕ ਸਾਂਝ ਸਾਹਮਣੇ ਆਲਮੀ ਚੁਣੌਤੀਆਂ ਤੇ ਭਾਰਤ ਦੀ ਭੂਮਿਕਾ’ ਵਿਸ਼ੇ ਬਾਰੇ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਗਡਕਰੀ ਨੇ ਕਿਹਾ ਕਿ ਭਾਰਤੀ ਸਭਿਆਚਾਰ ਅਸਲ ਵਿੱਚ ਧਰਮ-ਨਿਰਪੱਖ ਹੈ। ਉਨ੍ਹਾਂ ਕਿਹਾ ਕਿ ਸਾਰੇ ਸਭਿਆਚਾਰਾਂ, ਧਰਮਾਂ, ਫ਼ਿਰਕਿਆਂ ਅਤੇ ਵਿਚਾਰਧਾਰਾਵਾਂ ਦਾ ਸਨਮਾਨ ਕਰਨਾ ਭਾਰਤੀ ਰਵਾਇਤ ਰਹੀ ਹੈ, ਜੋ ਕਿਸੇ ‘ਧਰਮ’ ਨਾਲ ਜੁੜਿਆ ਮਸਲਾ ਨਹੀਂ ਹੈ। ਇਸੇ ਦੌਰਾਨ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਵੀਡੀਓ ਸੰਦੇਸ਼ ਵਿੱਚ ਕਿਹਾ, ‘‘ਧਰਮ ਜੋੜਦਾ ਹੈ, ਜਦਕਿ ਲੋਕ ਇਸ ਦੀ ਵਰਤੋਂ ਤੋੜਨ ਲਈ ਕਰ ਰਹੇ ਹਨ। ਅਜਿਹਾ ਹੋਣ ਦਾ ਕਾਰਨ ਆਪਸੀ ਸੰਵਾਦ ਦੀ ਘਾਟ ਹੋਣਾ ਹੈ।’’ -ਪੀਟੀਆਈ