ਨਵੀਂ ਦਿੱਲੀ, 29 ਅਗਸਤ
ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲੌਕ 4 ਦੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਇਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਣ ਲਈ ਈਪਾਸ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਇਕ ਸੂਬੇ ਤੋਂ ਦੂਜੇ ਵਿੱਚ ਜਾਣ ਲਈ ਕਿਸੇ ਤਰ੍ਹਾਂ ਦੇ ਈਪਾਸ ਜਾਂ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਇਸ ਦੇ ਨਾਲ ਹੀ ਕੇਂਦਰ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਥਾਨਕ ਪੱਧਰ ’ਤੇ ਕਿਸੇ ਤਰ੍ਹਾਂ ਦਾ ਲੌਕਡਾਊਨ ਕੇਂਦਰ ਸਰਕਾਰ ਨਾਲ ਵਿਚਾਰ ਵਟਾਂਦਰਾ ਕੀਤੇ ਬਿਨਾਂ ਲਾਗੂ ਨਾ ਕਰਨ। ਮੰਤਰਾਲੇ ਨੇ ਕਿਹਾ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਨਲਾਈਨ ਪੜ੍ਹਾਈ ਜਾਂ ਟੈਲੀ ਕਾਊਂਸਲਿੰਗ ਅਤੇ ਸਬੰਧਤ ਕੰਮਾਂ ਲਈ ਇਕੋ ਸਮੇਂ ’ਚ 50 ਫ਼ੀਸਦੀ ਅਮਲਾ ਸੱਦਣ ਦੀ ਇਜਾਜ਼ਤ ਦੇ ਸਕਦੇ ਹਨ। ਨੌਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਦੇ ਵਿਦਿਆਰਥੀ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਵਾਲੇ ਇਲਾਕਿਆਂ ’ਚ ਸਥਿਤ ਆਪਣੇ ਸਕੂਲਾਂ ’ਚ ਜਾ ਸਕਦੇ ਹਨ ਜਿਥੇ ਉਹ ਵਾਲੰਟੀਅਰ ਆਧਾਰ ’ਤੇ ਆਪਣੇ ਅਧਿਆਪਕਾਂ ਤੋਂ ਮਾਰਗ ਦਰਸ਼ਨ ਹਾਸਲ ਕਰ ਸਕਦੇ ਹਨ। ਦਿਸ਼ਾ ਨਿਰਦੇਸ਼ਾਂ ਮੁਤਾਬਕ ਮਾਪਿਆਂ ਦੀ ਲਿਖਤੀ ਸਹਿਮਤੀ ’ਤੇ ਹੀ ਵਿਦਿਆਰਥੀ ਸਕੂਲ ਜਾ ਸਕਣਗੇ। ਇਸ ਦੇ ਨਾਲ ਹੀ ਕੇਂਦਰ ਨੇ ਲੋਕਾਂ ਨੂੰ ਆਰੋਗਿਆ ਸੇਤੂ ਮੋਬਾਈਲ ਐਪ ਡਾਊਨਲੋਡ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਗ੍ਰਹਿ ਮੰਤਰਾਲੇ ਨੇ 65 ਸਾਲ ਤੋ ਵਧ ਉਮਰ ਦੇ ਲੋਕਾਂ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਦੁਕਾਨਾਂ ’ਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲਾ ਕੌਮੀ ਨਿਰਦੇਸ਼ਾਂ ਦੀ ਅਸਰਦਾਰ ਢੰਗ ਨਾਲ ਪਾਲਣਾ ਦੀ ਨਿਗਰਾਨੀ ਕਰੇਗਾ। -ਪੀਟੀਆਈ