ਸ਼ਿਮਲਾ, 31 ਅਗਸਤ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਅਨਲੌਕ 4 ਤਹਿਤ ਸੂਬੇ ’ਚ ਸਾਰੇ ਧਾਰਮਿਕ ਅਸਥਾਨ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਧਾਰਮਿਕ ਅਸਥਾਨ ਕਦੋਂ ਤੋਂ ਖੁਲ੍ਹਣਗੇ, ਇਸ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਉਂਜ ਸਰਕਾਰੀ ਬੱਸਾਂ ਦੇ ਦੂਜੇ ਸੂਬਿਆਂ ’ਚ ਜਾਣ ’ਤੇ ਅਜੇ ਪਾਬੰਦੀ ਰਹੇਗੀ। ਉਧਰ ਪੱਛਮੀ ਬੰਗਾਲ ’ਚ 7, 11 ਅਤੇ 12 ਸਤੰਬਰ ਨੂੰ ਮੁਕੰਮਲ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਅਨਲੌਕ 4 ਤਹਿਤ ਸੂਬਿਆਂ ਨੂੰ ਕਿਹਾ ਹੈ ਕਿ ਉਹ ਲੌਕਡਾਊਨ ਵਰਗਾ ਕੋਈ ਵੀ ਕਦਮ ਉਠਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰ ਲੈਣ। ਸੂਬੇ ਦੇ ਮੁੱਖ ਸਕੱਤਰ ਰਾਜੀਵ ਸਿਨਹਾ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਕੰਟੇਨਮੈਂਟ ਜ਼ੋਨਾਂ ’ਚ 30 ਸਤੰਬਰ ਤੱਕ ਪਾਬੰਦੀਆਂ ਜਾਰੀ ਰਹਿਣਗੀਆਂ। ਕਰਨਾਟਕ ’ਚ ਮੈਟਰੋ ਸੇਵਾਵਾਂ ਚਲਾਉਣ ਅਤੇ ਸਿਆਸੀ ਰੈਲੀਆਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮਹਾਰਾਸ਼ਟਰ ਨੇ ਵੀ ਅਨਲੌਕ 4 ਤਹਿਤ ਸਫ਼ਰ ਕਰਨ ਅਤੇ ਦਫ਼ਤਰਾਂ ’ਚ ਮੁਲਾਜ਼ਮਾਂ ਦੇ ਹਾਜ਼ਰ ਰਹਿਣ ਬਾਰੇ ਛੋਟ ਦੇਣ ਦਾ ਐਲਾਨ ਕੀਤਾ ਹੈ। ਸੂਬੇ ’ਚ 2 ਸਤੰਬਰ ਤੋਂ ਹੋਟਲ ਅਤੇ ਲੌਜ 100 ਫ਼ੀਸਦੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ ਪਰ ਸਕੂਲ, ਕਾਲਜ, ਸਿਨਮਾ ਹਾਲ ਅਤੇ ਸਵੀਮਿੰਗ ਪੂਲ 30 ਸਤੰਬਰ ਤੱਕ ਬੰਦ ਰਹਿਣਗੇ। ਮਹਾਰਾਸ਼ਟਰ ’ਚ ਪਾਬੰਦੀਆਂ ’ਚ ਛੋਟ ਉਸ ਸਮੇਂ ਦਿੱਤੀ ਜਾ ਰਹੀ ਹੈ ਜਦੋਂ ਕਰੋਨਾਵਾਇਰਸ ਦੇ ਨਵੇਂ ਰਿਕਾਰਡ ਕੇਸ ਆ ਰਹੇ ਹਨ। -ਪੀਟੀਆਈ