ਇਟਾਵਾ (ਉੱਤਰ ਪ੍ਰਦੇਸ਼), 4 ਸਤੰਬਰ
ਕਿਸੇ ਵੇਲੇ ਦੀ ਖ਼ੌਫ਼ਨਾਕ ਮਹਿਲਾ ਡਾਕੂ ਸਰਲਾ ਜਾਟਵ ਨੂੰ ਆਖਰਕਾਰ ਇਟਾਵਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਜਿਥੇ ਉਸ ਨੇ 17 ਸਾਲ ਬਿਤਾਏ ਸਨ। ਜਾਟਵ ਸ਼ਨਿਚਰਵਾਰ ਨੂੰ ਉਸ ਦੇ ਭਰਾ ਵਿਜੇ ਸਿੰਘ ਦੀ ਪਟੀਸ਼ਨ ‘ਤੇ ਅਲਾਹਾਬਾਦ ਹਾਈ ਕੋਰਟ ਨੇ ਰਿਹਾਅ ਕੀਤਾ। ਇਟਾਵਾ ਜੇਲ੍ਹ ਦੇ ਸੁਪਰਡੈਂਟ ਰਾਮ ਧਨੀ ਸਿੰਘ ਨੇ ਦੱਸਿਆ ਕਿ ਜਾਟਵ ਨੂੰ ਅਦਾਲਤ ਦੇ ਹੁਕਮਾਂ ‘ਤੇ ਰਿਹਾਅ ਕੀਤਾ ਗਿਆ ਅਤੇ ਉਹ ਬਾਹਰ ਇਕੱਠੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਜੇਲ੍ਹ ਛੱਡ ਕੇ ਚਲੀ ਗਈ। ਡਾਕੂ ਸੁੰਦਰੀ ਵਜੋਂ ਮਸ਼ਹੂਰ ਜਾਟਵ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ 2005 ਵਿਚ ਇਟਾਵਾ ਰੇਲਵੇ ਸਟੇਸ਼ਨ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਰੇਲਗੱਡੀ ਵਿਚ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਦਾ ਨਾਮ ਕਤਲ, ਕਤਲ ਦੀ ਕੋਸ਼ਿਸ਼, ਅਗਵਾ, ਜਬਰੀ ਵਸੂਲੀ ਸਣੇ ਕਈ ਮਾਮਲਿਆਂ ਵਿੱਚ ਸੀ। ਉਸ ਦੇ ਸਿਰ ‘ਤੇ ਇਕ ਲੱਖ ਰੁਪਏ ਦਾ ਇਨਾਮ ਸੀ। ਜਾਟਵ ਨੂੰ ਡਾਕੂ ਨਿਰਭੈ ਗੁੱਜਰ ਨੇ ਉਦੋਂ ਅਗਵਾ ਕਰ ਲਿਆ ਸੀ ਜਦੋਂ ਉਹ ਮਹਿਜ਼ 11 ਸਾਲ ਦੀ ਸੀ। 14 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਨਿਰਭੈ ਗੁੱਜਰ ਦੇ ਗੋਦ ਲਏ ਪੁੱਤਰ ਸ਼ਿਆਮ ਨਾਲ ਹੋਇਆ ਸੀ ਅਤੇ ਉਹ ਨਿਰਭੈ ਗੁੱਜਰ ਦੇ ਗੈਂਗ ਦੀ ਸਰਗਰਮ ਮੈਂਬਰ ਸੀ। ਉਹ ਫ਼ੈਸ਼ਨਪ੍ਰਸਤ ਸੀ।