ਲਖਨਊ, 1 ਮਈ
ਇੱਥੇ ਅੱਜ ਇੱਕ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਹੁਕਮਾਂ ’ਤੇ ਸੂਬੇ ਵਿਚਲੇ ਧਾਰਮਿਕ ਸਥਾਨਾਂ ਤੋਂ ਤਕਰੀਬਨ 5400 ਅਣਅਧਿਕਾਰਤ ਲਾਊਡਸਪੀਕਰ ਉਤਾਰੇ ਗਏ ਅਤੇ 60,000 ਤੋਂ ਵੱਧ ਦੀ ਆਵਾਜ਼ ਨੂੰ ਆਗਿਆਯੋਗ ਸੀਮਾਵਾਂ ਤੱਕ ਨਿਰਧਾਰਤ ਕੀਤਾ ਗਿਆ। ਧਾਰਮਿਕ ਸਥਾਨਾਂ ਤੋਂ ਅਣਅਧਿਕਾਰਤ ਲਾਊਡਸਪੀਕਰ ਹਟਾਉਣ ਅਤੇ ਹੋਰਾਂ ਦੀ ਆਵਾਜ਼ ਨੂੰ ਮਨਜ਼ੂਰਸ਼ੁਦਾ ਸੀਮਾਵਾਂ ਦੇ ਅੰਦਰ ਸੈੱਟ ਕਰਨ ਲਈ ਸੂਬੇ ਭਰ ਵਿੱਚ ਇਹ ਮੁਹਿੰਮ 25 ਅਪਰੈਲ ਨੂੰ ਸ਼ੁਰੂ ਹੋਈ ਸੀ। ਇਸੇ ਤਹਿਤ ਅੱਜ ਸਵੇਰੇ ਤੱਕ ਕੁੱਲ 53,942 ਲਾਊਡਸਪੀਕਰ ਹਟਾਏ ਗਏ ਅਤੇ 60,295 ਲਾਊਡਸਪੀਕਰਾਂ ਦੀ ਆਵਾਜ਼ ਮਨਜ਼ੂਰਸ਼ੁਦਾ ਸੀਮਾਵਾਂ ਦੇ ਅੰਦਰ ਤੈਅ ਕੀਤੀ ਗਈ। ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਧਾਰਮਿਕ ਸਥਾਨਾਂ ਤੋਂ ਲਾਊਡਸਪੀਕਰ ਹਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਤੋਂ ਉਹੀ ਲਾਊਡਸਪੀਕਰ ਉਤਾਰੇ ਗਏ, ਜੋ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਲਗਾਏ ਗਏ ਸਨ। ਲਾਊਡਸਪੀਕਰਾਂ ਸਬੰਧੀ ਪੈਦਾ ਹੋਏ ਵਿਵਾਦ ਮਗਰੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਪਰੈਲ ਵਿੱਚ ਇੱਕ ਸਮੀਖਿਆ ਮੀਟਿੰਗ ਦੌਰਾਨ ਕਿਹਾ ਸੀ ਕਿ ਲੋਕਾਂ ਨੂੰ ਆਪਣੇ ਵਿਸ਼ਵਾਸ ਅਨੁਸਾਰ ਧਾਰਮਿਕ ਸਮਾਗਮ ਕਰਨ ਦੀ ਆਜ਼ਾਦੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਸੀ ਕਿ ਧਾਰਮਿਕ ਸਥਾਨ ’ਤੇ ਸਪੀਕਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਆਵਾਜ਼ ਬਾਹਰ ਨਾ ਜਾਵੇ। -ਪੀਟੀਆਈ