ਲਖਨਊ, 26 ਮਈ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਸਾਲ 2022-23 ਲਈ ਯੂਪੀ ਦਾ ਬਜਟ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਮੁਤਾਬਕ ਹੈ ਤੇ ਇਹ ਅਗਲੇ ਪੰਜ ਵਰ੍ਹਿਆਂ ਲਈ ਸਰਕਾਰ ਦੀ ਭਵਿੱਖਮਈ ਯੋਜਨਾ ਹੈ। ਉਨ੍ਹਾਂ ਕਿਹਾ ਕਿ ਬਜਟ, ਵਿਧਾਨ ਸਭਾ ਚੋਣਾਂ ਦੌਰਾਨ ਜਾਰੀ ਕੀਤੇ ਗਏ ਭਾਜਪਾ ਦੇ ਲੋਕ ਸੰਕਲਪ ਪੱਤਰ (ਚੋਣ ਮਨੋਰਥ ਪੱਤਰ) ਨੂੰ ਧਿਆਨ ਰੱਖ ਕੇ ਤਿਆਰ ਕੀਤਾ ਗਿਆ ਹੈ। ਮੁੱਖ ਮੰਤਰੀ ਆਦਿਤਿਆਨਾਥ ਨੇ ਕਿਹਾ ਕਿ ਸੂਬੇ ਦੇ ਸਮੁੱਚੇ ਵਿਕਾਸ ਦੇ ਨਾਲ-ਨਾਲ ਬਜਟ ਚੰਗੇ ਭਵਿੱਖ ਲਈ ਖਾਕਾ ਵੀ ਤਿਆਰ ਕਰੇਗਾ।
ਸੂਬੇ ਦੇ ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਅੱਜ ਵਿਧਾਨ ਸਭਾ ਵਿੱਚ ਯੋਗੀ ਆਦਿਤਿਆਨਾਥ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ 6.15 ਲੱਖ ਕਰੋੜ ਤੋਂ ਵੱਧ ਰੁਪਏ ਦਾ ਬਜਟ ਪੇਸ਼ ਕੀਤਾ ਜੋ ਸੂਬੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਹੈ। ਬਜਟ ਨੂੰ ਸੂਬੇ ਦੇ 25 ਕਰੋੜ ਲੋਕਾਂ ਦੀਆਂ ਉਮੀਦਾਂ ਮੁਤਾਬਕ ਦੱਸਦਿਆਂ ਸ੍ਰੀ ਆਦਿਤਿਆਨਾਥ ਨੇ ਕਿਹਾ ਕਿ ਇਸ ਨੂੰ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ, ਗ਼ਰੀਬਾਂ, ਕਿਸਾਨਾਂ, ਨੌਜਵਾਨਾਂ, ਔਰਤਾਂ ਤੇ ਕਾਮਿਆਂ ਸਮੇਤ ਸਮਾਜ ਦੇ ਹਰ ਵਰਗ ਨੂੰ ਲਾਭ ਪੁੱਜੇਗਾ। ਬਜਟ ਪੇਸ਼ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਮੌਕੇ ਮੁੱਖ ਮੰਤਰੀ ਨੇ ਕਿਹਾ,‘ਭਾਜਪਾ ਦੇ ਚੋਣ ਮਨੋਰਥ ਪੱਤਰ ਦੀਆਂ 130 ’ਚੋਂ 97 ਮੱਦਾਂ ਸਰਕਾਰ ਦੇ ਪਹਿਲੇ ਹੀ ਬਜਟ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਤੇ ਇਸ ਲਈ 54,883 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 44 ਨਵੇਂ ਐਲਾਨ ਜਾਂ ਸਕੀਮਾਂ ਹਨ। ਉਨ੍ਹਾਂ ਦੱਸਿਆ ਕਿ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦਨ ਦਾ 3.96 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ।’ -ਪੀਟੀਆਈ
ਵਿਰੋਧੀ ਧਿਰ ਵੱਲੋਂ ਬਜਟ ਦੀ ਨਿਖੇਧੀ
ਲਖਨਊ: ਵਿਰੋਧੀ ਧਿਰ ਨੇ ਯੂਪੀ ਬਜਟ ਦੀ ਨਿਖੇਧੀ ਕੀਤੀ। ਜਿੱਥੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਇਸ ਨੂੰ ‘ਅੰਕੜਿਆਂ ਦਾ ਜਾਲ’ ਦੱਸਿਆ ਉੱਥੇ ਬਸਪਾ ਦੀ ਕੁਮਾਰੀ ਮਾਇਆਵਤੀ ਨੇ ਇਸ ਨੂੰ ਘਿਸੀ-ਪਿਟੀ ਪ੍ਰਕਿਰਿਆ ਕਿਹਾ ਤੇ ਆਖਿਆ ਕਿ ਇਸ ਵਿੱਚ ਜਨਤਕ ਹਿੱਤ ’ਚ ਚੁੱਕੇ ਜਾਣ ਵਾਲੇ ਕਦਮਾਂ ਦੀ ਘਾਟ ਹੈ। ਸ੍ਰੀ ਯਾਦਵ ਨੇ ਬਜਟ ਨੂੰ ‘ਅੰਕੜਿਆਂ ਦਾ ਮੱਕੜ ਜਾਲ’ ਆਖਦਿਆਂ ਕਿਹਾ ਕਿ ਭਾਜਪਾ ਸਰਕਾਰ ਦਾ ਇਹ ਛੇਵਾਂ ਬਜਟ ਹੈ, ਜਿਸ ਵਿੱਚ ਹਰ ਖੇਤਰ ਲਈ ਪੈਸਿਆਂ ਦੀ ਵੰਡ ਘਟਾ ਦਿੱਤੀ ਗਈ ਹੈ। ਇਸੇ ਤਰ੍ਹਾਂ ਕਾਂਗਰਸ ਨੇ ਇਸ ਬਜਟ ਨੂੰ ਲੋਕਾਂ ਨਾਲ ‘ਛਲਾਵਾ’ ਕਰਾਰ ਦਿੱਤਾ ਹੈ। ਕਾਂਗਰਸੀ ਆਗੂ ਅਰਾਧਨਾ ਮਿਸਰਾ ਨੇ ਕਿਹਾ ਯੋਗੀ ਨੇ ਲੋਕਾਂ ਨਾਲ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ। -ਪੀਟੀਆਈ
ਸ਼ਿਵਪਾਲ ਨੇ ਯੋਗੀ ਨੂੰ ‘ਇਮਾਨਦਾਰ’ ਤੇ ‘ਸਿਰੜੀ’ ਦੱਸਿਆ
ਲਖਨਊ: ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਲੋਹੀਆ (ਪੀਐੱਸਪੀਐੱਲ) ਦੇ ਬਾਨੀ ਸ਼ਿਵਪਾਲ ਯਾਦਵ ਨੇ ਅੱਜ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ‘ਇਮਾਨਦਾਰ’ ਅਤੇ ‘ਸਿਰੜੀ’ ਦੱਸਦਿਆਂ ਦਾਅਵਾ ਕੀਤਾ ਕਿ ਜੇਕਰ ਵਿਰੋਧੀ ਧਿਰ ਨੇ ਉਨ੍ਹਾਂ ਦਾ ਸਹਿਯੋਗ ਲਿਆ ਹੁੰਦਾ ਤਾਂ ਉਹ ਸੱਤਾ ’ਚ ਹੁੰਦੀ। ਇੱਕ ਚਰਚਾ ਦੌਰਾਨ ਵਿਧਾਨ ਸਭਾ ਵਿੱਚ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਕਿਹਾ,‘ਮੈਂ ਆਖਦਾ ਹਾਂ ਕਿ ਯੂਪੀ ਦੇ ਮੁੱਖ ਮੰਤਰੀ ਇਮਾਨਦਾਰ ਤੇ ਮਿਹਨਤੀ ਹਨ। ਜੇਕਰ ਕੋਵਿਡ ਮਹਾਮਾਰੀ ਦੌਰਾਨ ਉਨ੍ਹਾਂ ਸਾਰੇ ਵਿਧਾਇਕਾਂ ਤੇ ਹੋਰਾਂ ਦਾ ਸਹਿਯੋਗ ਲਿਆ ਹੁੰਦਾ ਤਾਂ ਸਮੱਸਿਆਵਾਂ ਦਾ ਹੋਰ ਚੰਗੇ ਢੰਗ ਨਾਲ ਹੱਲ ਹੋ ਸਕਦਾ ਸੀ।’ ਇਸ ਦੌਰਾਨ ਭਾਜਪਾ ਮੈਂਬਰਾਂ ਨੇ ਆਪਣੇ ਡੈਸਕਾਂ ’ਤੇ ਹੱਥ ਥਪਥਪਾ ਕੇ ਉਨ੍ਹਾਂ ਵੱਲੋਂ ਕੀਤੀ ਗਈ ਸ਼ਲਾਘਾ ਦੀ ਹਾਮੀ ਭਰੀ। -ਪੀਟੀਆਈ