ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਪੜਾਅ ਦੌਰਾਨ ਸੋਮਵਾਰ ਨੂੰ 54 ਸੀਟਾਂ ’ਤੇ ਵੋਟਾਂ ਪੈਣਗੀਆਂ। ਇਸ ਦੌਰਾਨ ਅੱਜ ਚੋਣ ਪ੍ਰਚਾਰ ਖ਼ਤਮ ਹੋ ਗਿਆ ਜਿਸ ਨਾਲ ਦੋ ਮਹੀਨੇ ਲੰਬੀ ਚੋਣ ਮੁਹਿੰਮ ਦਾ ਖਾਤਮਾ ਹੋ ਗਿਆ ਹੈ। ਯੂਪੀ ’ਚ ਭਾਜਪਾ, ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਸਪਾ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ। ਚੋਣਾਂ ਦੇ ਆਖਰੀ ਪੜਾਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਕਮਾਨ ਸੰਭਾਲੀ ਹੋਈ ਸੀ ਕਿਉਂਕਿ ਸ੍ਰੀ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਅਤੇ ਨਾਲ ਲਗਦੇ ਜ਼ਿਲ੍ਹਿਆਂ ਦੀਆਂ ਸੀਟਾਂ ’ਤੇ ਪਰਸੋਂ ਵੋਟਿੰਗ ਹੋਣੀ ਹੈ। ਸ੍ਰੀ ਮੋਦੀ ਨੇ ਚੋਣ ਰੈਲੀਆਂ ਤੋਂ ਇਲਾਵਾ ਰੋਡ ਸ਼ੋਅਜ਼ ਵੀ ਕੱਢੇ। ਇਸ ਗੇੜ ਦੌਰਾਨ ਤ੍ਰਿਣਮੂਲ ਕਾਂਗਰਸ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੇ ਭਾਈਵਾਲ ਆਰਐੱਲਡੀ ਦੇ ਜੈਅੰਤ ਚੌਧਰੀ ਦੇ ਪੱਖ ’ਚ ਪ੍ਰਚਾਰ ਕੀਤਾ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਪਿਛਲੇ ਚਾਰ ਦਿਨਾਂ ਤੋਂ ਵਾਰਾਨਸੀ ’ਚ ਹੀ ਸਨ ਅਤੇ ਉਨ੍ਹਾਂ ਆਪਣੇ ਭਰਾ ਰਾਹੁਲ ਗਾਂਧੀ ਨਾਲ ਮਿਲ ਕੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਰੈਲੀਆਂ ਕਰਕੇ ਪਾਰਟੀ ਉਮੀਦਵਾਰਾਂ ਲਈ ਪੂਰੀ ਵਾਹ ਲਾਈ। -ਪੀਟੀਆਈ