ਲਖ਼ਨਊ: ਯੂਪੀ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਸੱਤਾਧਾਰੀ ਭਾਜਪਾ ਨੇ ਪਹਿਲਾਂ ਹੀ ਇਹ ਸਿਆਸੀ ਜੰਗ ਲੜਨ ਲਈ ਯੋਜਨਾਬੰਦੀ ਕਰ ਲਈ ਹੈ। ਪਾਰਟੀ ਹੁਣ ਕਰੋਨਾ ਦੀ ਦੂਜੀ ਲਹਿਰ ਦੇ ਠੰਢਾ ਪੈਣ ਦਾ ਇੰਤਜ਼ਾਰ ਕਰੇਗੀ ਤੇ ਮੁੜ ਕੇ ਵੋਟਰਾਂ ਦਾ ਧਿਆਨ ਰਾਮ ਮੰਦਰ ਜਿਹੇ ਭਾਵੁਕ ਮੁੱਦੇ ’ਤੇ ਕੇਂਦਰਿਤ ਕਰਨ ਦਾ ਯਤਨ ਕਰੇਗੀ। ਅਯੁੱਧਿਆ ਵਿਚ ਰਾਮ ਮੰਦਰ ਨੂੰ ਭਾਜਪਾ ਦੀ ਵੱਡੀ ਪ੍ਰਾਪਤੀ ਵਜੋਂ ਦਰਸਾਇਆ ਜਾਵੇਗਾ ਤੇ ਪਵਿੱਤਰ ਸ਼ਹਿਰ ਦੇ ਵਿਕਾਸ ਲਈ ਯੋਗੀ ਆਦਿੱਤਿਆਨਾਥ ਵੱਲੋਂ ਘੜੀ ਗਈ ‘ਵੱਡੀ ਯੋਜਨਾ’ ਨੂੰ ਉਭਾਰਿਆ ਜਾਵੇਗਾ। ਪਾਰਟੀ ਸੂਤਰਾਂ ਮੁਤਾਬਕ ਭਾਜਪਾ ਵਰਕਰ ‘ਅਯੁੱਧਿਆ ਤੋ ਸਿਰਫ਼ ਝਾਕੀ ਹੈ, ਕਾਸ਼ੀ ਮਥੁਰਾ ਬਾਕੀ ਹੈ’ ਦੇ ਨਾਅਰੇ ਨੂੰ ਜ਼ੋਰ-ਸ਼ੋਰ ਨਾਲ ਵਰਤਣਗੇ। ਭਾਜਪਾ ਦੇ ਇਕ ਆਗੂ ਨੇ ਕਿਹਾ ‘ਕਾਸ਼ੀ ਵਿਚ ਇਕ ਅਦਾਲਤ ਪਹਿਲਾਂ ਹੀ ਪੁਟਾਈ ਲਈ ਮਨਜ਼ੂਰੀ ਦੇ ਚੁੱਕੀ ਹੈ। ਜੇ ਕੋਈ ਕਾਨੂੰਨ ਅੜਿੱਕਾ ਵੀ ਪੈਂਦਾ ਹੈ ਤਾਂ ਵੀ ਨਵੰਬਰ 2021 ਤੱਕ ਕਾਸ਼ੀ ਵਿਸ਼ਵਨਾਥ ਲਾਂਘਾ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ। ਇਹ ਵਿਸ਼ਵ ਭਰ ਦੇ ਹਿੰਦੂਆਂ ਲਈ ਵੱਡੀ ਖਿੱਚ ਦਾ ਕੇਂਦਰ ਬਣੇਗਾ। ਮੰਦਰ ਕੰਪਲੈਕਸ ਦੀ ਸ਼ਾਨ ਮਹਾਮਾਰੀ ਦੀਆਂ ਸਾਰੀਆਂ ਕੌੜੀਆਂ ਯਾਦਾਂ ਭੁਲਾ ਦੇਵੇਗੀ।’ -ਆਈਏਐਨਐੱਸ