ਨਵੀਂ ਦਿੱਲੀ, 5 ਦਸੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਯੂਪੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਰੁਜ਼ਗਾਰ ਮੰਗਣ ਵਾਲਿਆਂ ਨੂੰ ਡਾਂਗਾਂ ਮਾਰਦੀ ਹੈ, ਤੇ ਜਦ ਭਾਜਪਾ ਵੋਟ ਮੰਗਣ ਆਵੇ ਤਾਂ ਲੋਕ ਇਹ ਸਭ ਯਾਦ ਰੱਖਣ। ਜ਼ਿਕਰਯੋਗ ਹੈ ਕਿ ਲਖ਼ਨਊ ਵਿਚ ਮੁਜ਼ਾਹਰਾਕਾਰੀਆਂ ’ਤੇ ਲਾਠੀਚਾਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਖਨਊ ਪੁਲੀਸ ਨੇ ਸ਼ਨਿਚਰਵਾਰ ਮੋਮਬੱਤੀ ਮਾਰਚ ਕੱਢ ਰਹੇ ਮੁਜ਼ਾਹਰਾਕਾਰੀਆਂ ’ਤੇ ਲਾਠੀਚਾਰਜ ਕੀਤਾ। ਇਹ 2019 ਦੇ ਯੂਪੀ ਅਧਿਆਪਕ ਦਾਖਲਾ ਟੈਸਟ ਵਿਚ ਬੇਨਿਯਮੀਆਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਨ। ਰਾਹੁਲ ਗਾਂਧੀ ਨੇ ਲਖਨਊ ਵਿਚ ਹੋਏ ਲਾਠੀਚਾਰਜ ਦੀ ਵੀਡੀਓ ਵੀ ਟਵੀਟ ਕੀਤੀ ਹੈ। ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸ ਮਾਮਲੇ ’ਤੇ ਯੂਪੀ ਸਰਕਾਰ ਉਤੇ ਸ਼ਬਦੀ ਹੱਲਾ ਬੋਲਿਆ ਤੇ ਕਿਹਾ ਕਿ ਯੋਗੀ ਸਰਕਾਰ ਦੇ ਰਾਜ ਵਿਚ ਕੁਸ਼ਾਸਨ ਦਾ ਬੋਲਬਾਲਾ ਹੈ। -ਪੀਟੀਆਈ