ਨਵੀਂ ਦਿੱਲੀ: ਯੂਪੀ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿਚ ਕਿਹਾ ਕਿ ਕੇਰਲਾ ਅਧਾਰਿਤ ਪੱਤਰਕਾਰ ਸਿੱਦੀਕ ਕੱਪਨ, ਜਿਸ ਨੂੰ ਅਕਤੂਬਰ 2020 ਵਿਚ ਜਬਰ-ਜਨਾਹ ਦੀ ਘਟਨਾ ਵਾਪਰਨ ’ਤੇ ਹਾਥਰਸ ਜਾਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ, ਦੇ ਪੀਐਫਆਈ ਨਾਲ ਗਹਿਰੇ ਸਬੰਧ ਹਨ ਤੇ ਉਹ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਸੂਬਾ ਸਰਕਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ‘ਧਾਰਮਿਕ ਵਿਵਾਦ ਤੇ ਦਹਿਸ਼ਤ ਪੈਦਾ ਕਰਨ’ ਦੀ ਸਾਜ਼ਿਸ਼ ਘੜੀ ਗਈ ਸੀ। ਕੱਪਨ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਯੂਪੀ ਸਰਕਾਰ ਨੇ ਕਿਹਾ ਕਿ ਜਾਂਚ ਵਿਚ ਮੁਲਜ਼ਮ ਦੇ ਪਾਪੂਲਰ ਫਰੰਟ ਤੇ ਕੈਂਪਸ ਫਰੰਟ ਆਫ ਇੰਡੀਆ ਨਾਲ ਡੂੰਘੇ ਸਬੰਧ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਕੱਪਨ ਇਨ੍ਹਾਂ ਸੰਗਠਨਾਂ ਦੇ ਸਿਖ਼ਰਲੇ ਆਗੂਆਂ- ਕਮਲ ਕੇਪੀ ਤੇ ਓਮਾ ਸਲਾਮ ਨਾਲ ਜੁੜਿਆ ਹੋਇਆ ਸੀ। ਰਾਜ ਸਰਕਾਰ ਨੇ ਕੱਪਨ ਦੀ ਉਨ੍ਹਾਂ ਨਾਲ ਹੋਈ ਆਨਲਾਈਨ ਗੱਲਬਾਤ ਦਾ ਹਵਾਲਾ ਵੀ ਅਦਾਲਤ ਵਿਚ ਦਿੱਤਾ। -ਪੀਟੀਆਈ