ਨੋਇਡਾ, 29 ਅਗਸਤ
ਯੂਪੀ ਪੁਲੀਸ ਨੇ ਇਕ ਕੌਮਾਂਤਰੀ ਮਨੁੱਖੀ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਅਪਰੈਲ ਮਹੀਨੇ ਤੋਂ ਹੁਣ ਤੱਕ ਕਰੀਬ 12 ਔਰਤਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਪੁਲੀਸ ਮੁਤਾਬਕ 24-50 ਸਾਲ ਉਮਰ ਵਰਗ ਦੀਆਂ ਔਰਤਾਂ ਨੂੰ ਖਾੜੀ ਮੁਲਕਾਂ ਜਿਵੇਂ ਕਿ ਓਮਾਨ, ਕਤਰ, ਕੁਵੈਤ ਤੇ ਸਾਊਦੀ ਅਰਬ ਵਿਚ ਘਰੇਲੂ ਕੰਮਾਂ ਵਿਚ ਮਦਦ ਲਈ ਸੱਦਿਆ ਜਾਂਦਾ ਸੀ ਤੇ ਨੌਕਰੀ ਦਾ ਝਾਂਸਾ ਦਿੱਤਾ ਜਾਂਦਾ ਸੀ। ਉੱਥੇ ਮਗਰੋਂ ਉਨ੍ਹਾਂ ’ਤੇ ਸਰੀਰਕ ਤੇ ਮਾਨਸਿਕ ਤਸ਼ੱਦਦ ਕੀਤਾ ਜਾਂਦਾ ਸੀ। ਪੀੜਤ ਔਰਤਾਂ ਯੂਪੀ, ਪੰਜਾਬ, ਗੋਆ, ਤਾਮਿਲਨਾਡੂ ਤੇ ਕਰਨਾਟਕ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਸ੍ਰੀਲੰਕਾ, ਨੇਪਾਲ, ਬੰਗਲਾਦੇਸ਼, ਪਾਕਿਸਤਾਨ ਤੇ ਕੁਝ ਅਫ਼ਰੀਕੀ ਮੁਲਕਾਂ ਦੀਆਂ ਔਰਤਾਂ ਨੂੰ ਵੀ ਇਸੇ ਤਰ੍ਹਾਂ ਖਾੜੀ ਮੁਲਕਾਂ ਵਿਚ ਭੇਜਿਆ ਗਿਆ ਹੈ। ਕਾਨਪੁਰ ਦੇ ਡੀਸੀਪੀ (ਅਪਰਾਧ) ਸਲਮਾਨ ਤਾਜ ਪਾਟਿਲ ਨੇ ਦੱਸਿਆ ਕਿ ਅਪਰੈਲ ਵਿਚ ਉਨ੍ਹਾਂ ਨੂੰ ਇਕ ਸ਼ਿਕਾਇਤ ਮਿਲੀ ਸੀ ਤੇ ਮਾਮਲੇ ਦੀ ਜਾਂਚ ਆਰੰਭੀ ਗਈ ਸੀ। ਸ਼ਿਕਾਇਤ ਦੇਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਉਸ ਦੀ ਪਤਨੀ ਓਮਾਨ ਵਿਚ ‘ਫ਼ਸ’ ਗਈ ਹੈ। ਜਾਂਚ ਕਰਨ ਉਤੇ ਇਸ ਕੌਮਾਂਤਰੀ ਮਨੁੱਖੀ ਤਸਕਰੀ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪਿਛਲੇ ਚਾਰ ਮਹੀਨਿਆਂ ਦੌਰਾਨ ਕਾਨਪੁਰ ਦੀਆਂ ਛੇ, ਪੰਜਾਬ ਤੇ ਚੇਨੱਈ ਦੀਆਂ ਦੋ-ਦੋ, ਕਰਨਾਟਕ ਤੇ ਗੋਆ ਦੀ ਇਕ-ਇਕ ਮਹਿਲਾ ਨੂੰ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਸੁਰੱਖਿਅਤ ਭਾਰਤ ਲਿਆਂਦਾ ਗਿਆ ਹੈ। -ਪੀਟੀਆਈ