ਬਹਿਰਾਈਚ, 9 ਅਕਤੂਬਰ
ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਨਾਨਪਾਰਾ ਇਲਾਕੇ ਵਿੱਚ ਜਲੂਸ-ਏ-ਮੁਹੰਮਦੀ ਦੌਰਾਨ ਕਰੰਟ ਲੱਗਣ ਕਾਰਨ ਚਾਰ ਬੱਚਿਆਂ ਸਣੇ ਛੇ ਜਣਿਆਂ ਦੀ ਮੌਤ ਹੋ ਗਈ, ਜਦ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ ਚਾਰ ਵਜੇ ਨਾਨਪਾਰਾ ਇਲਾਕੇ ਦੇ ਪਿੰਡ ਮਾਸੂਪੁਰ ਵਿੱਚ ਵਾਪਰਿਆ।
ਜਦੋਂ ਪਿੰਡ ਵਾਸੀ ਧਾਰਮਿਕ ਸਮਾਗਮ ਸਬੰਧੀ ਕੱਢੇ ਜਲੂਸ ਵਿੱਚ ਭਾਗ ਲੈਣ ਮਗਰੋਂ ਵਾਪਸ ਜਾ ਰਹੇ ਸਨ ਤਾਂ ਇੱਕ ਠੇਲੇ ਵਿੱਚ ਰੱਖੀ ਲੋਹੇ ਦੀ ਰਾਡ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਈ। ਇਸ ਦੌਰਾਨ ਇੱਕ ਵਿਅਕਤੀ ਕਰੰਟ ਦੀ ਲਪੇਟ ਵਿੱਚ ਆ ਗਿਆ, ਉਸ ਨੂੰ ਬਚਾਉਂਦਿਆਂ ਕਈ ਜਣੇ ਹਾਦਸੇ ਦਾ ਸ਼ਿਕਾਰ ਹੋ ਗਏ। ਏਐੱਸਪੀ (ਦਿਹਾਤੀ) ਅਸ਼ੋਕ ਕੁਮਾਰ ਨੇ ਦੱਸਿਆ ਕਿ ਚਾਰ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇੱਕ ਹੋਰ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇੱਕ ਹੋਰ ਲੜਕੇ ਅਰਾਫ਼ਾਤ (10) ਦੀ ਹਸਪਤਾਲ ਵਿੱਚ ਮੌਤ ਹੋ ਗਈ। ਐੱਸਪੀ ਕੇਸ਼ਵ ਕੁਮਾਰ ਚੌਧਰੀ ਨੇ ਦੱਸਿਆ ਕਿ ਬਾਕੀ ਮ੍ਰਿਤਕਾਂ ਦੀ ਪਛਾਣ ਸੂਫ਼ੀਆਨ (12), ਇਲਿਆਸ (16), ਤਬਰੇਜ਼ (16), ਅਸ਼ਰਫ਼ ਅਲੀ (30) ਵਾਸੀ ਬੱਗਾਦਵਾ ਅਤੇ ਸ਼ਫੀਕ (12) ਵਾਸੀ ਮਾਲੀਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਅਚਾਨਕ ਵਾਪਰਿਆ ਹੋਣ ਕਰਕੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਜ਼ਖ਼ਮੀਆਂ ਦਾ ਇਲਾਜ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। -ਪੀਟੀਆਈ