ਲਖਨਊ, 11 ਜੁਲਾਈ
ਉੱਤਰ ਪ੍ਰਦੇਸ਼ ਦੇ ਅਤਿਵਾਦੀ ਵਿਰੋਧੀ ਸਕੁਐਡ (ਏਟੀਐੱਸ) ਨੇ ਅੱਜ ਵੱਡੀ ਕਾਰਵਾਈ ਕਰਦਿਆਂ ਅਲਕਾਇਦਾ ਦੀ ਹਮਾਇਤ ਵਾਲੇ ਅੰਸਾਰ ਗਜ਼ਵਤਉੱਲ ਹਿੰਦ ਨਾਲ ਸਬੰਧਤ ਦੋ ਦਹਿਸ਼ਤਗਰਦਾਂ ਨੂੰ ਲਖਨਊ ਦੇ ਬਾਹਰਵਾਰ ਕਾਕੋਰੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਪ੍ਰੈੱਸ਼ਰ ਕੁੱਕਰ ਬੰਬ, ਡੈਟੋਨੇਟਰ ਤੇ ਹੋਰ ਧਮਾਕਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਕਾਬੂ ਕੀਤੇ ਦਹਿਸ਼ਤਗਰਦਾਂ ਦੀ ਪਛਾਣ ਮਿਨਹਾਜ਼ ਅਹਿਮਦ ਤੇ ਮਸੀਰੂਦੀਨ ਵਜੋਂ ਹੋਈ ਹੈ ਤੇ ਦੋਵੇਂ ਲਖਨਊ ਦੇ ਵਸਨੀਕ ਦੱਸੇ ਜਾਂਦੇ ਹਨ। ਸੂਤਰਾਂ ਮੁਤਾਬਕ ਭਾਜਪਾ ਸੰਸਦ ਮੈਂਬਰ ਤੇ ਕੁਝ ਹੋਰ ਸੀਨੀਅਰ ਭਾਜਪਾ ਆਗੂ ਫੜੇ ਗਏ ਦਹਿਸ਼ਤਗਰਦਾਂ ਦੇ ਨਿਸ਼ਾਨੇ ’ਤੇ ਸਨ ਤੇ ਉਹ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਲਖਨਊ ਤੇ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਦਹਿਸ਼ਤੀ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।
ਵਧੀਕ ਡੀਜੀਪੀ (ਅਮਨ ਤੇ ਕਾਨੂੰਨ) ਪ੍ਰਸ਼ਾਂਤ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਏਟੀਐੱਸ ਨੇ ਅਲਕਾਇਦਾ ਦੀ ਹਮਾਇਤ ਵਾਲੇ ‘ਅੰਸਾਰ ਗਜ਼ਵਤਉੱਲ ਹਿੰਦ’ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਨਹਾਜ਼ ਅਹਿਮਦ ਲਖਨਊ ਦੇ ਦੁਬੱਗਾ ਖੇਤਰ ਅਤੇ ਮਸੀਰੂਦੀਨ ਲਖਨਊ ਦੇ ਮੜਿਆਓਂ ਖੇਤਰ ਦਾ ਵਸਨੀਕ ਹੈ। ਇਨ੍ਹਾਂ ਕੋਲੋਂ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਹੋਈ ਹੈ।’’ ਏਡੀਜੀਪੀ ਨੇ ਕਿਹਾ ਕਿ ਅਹਿਮਦ ਤੇ ਮਸੀਰੂਦੀਨ ਅਲਕਾਇਦਾ ਦੇ ਯੂਪੀ ਮੌਡਿਊਲ ਦੇ ਮੁਖੀ ਉਮਰ ਹਲਮਾਂਡੀ ਦੀਆਂ ਹਦਾਇਤਾਂ ’ਤੇ ਆਪਣੇ ਕੁਝ ਹੋਰਨਾਂ ਸਾਥੀਆਂ ਨਾਲ 15 ਅਗਸਤ ਨੂੰ ਯੂਪੀ ਦੇ ਵੱਖ ਵੱਖ ਸ਼ਹਿਰਾਂ ਖਾਸ ਕਰਕੇ ਲਖਨਊ ਵਿੱਚ ਦਹਿਸ਼ਤੀ ਸਰਗਰਮੀਆਂ ਨੂੰ ਅੰਜਾਮ ਦੇਣ ਦੀਆਂ ਵਿਉਂਤਾਂ ਬਣਾ ਰਹੇ ਸਨ। ਕੁਮਾਰ ਨੇ ਕਿਹਾ, ‘‘ਉਨ੍ਹਾਂ ਦੀ ਅਹਿਮ ਥਾਵਾਂ, ਸਮਾਰਕਾਂ ਤੇ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਧਮਾਕੇ ਕਰਨ ਦੀ ਯੋਜਨਾ ਸੀ। ਇਨ੍ਹਾਂ ਧਮਾਕਿਆਂ ਲਈ ਮਨੁੱਖੀ ਬੰਬ ਵਰਤਣ ਦੀ ਵੀ ਤਿਆਰੀ ਸੀ। ਇਸ ਕੰਮ ਲਈ ਉਹ ਹਥਿਆਰ ਤੇ ਹੋਰ ਧਮਾਕਾਖੇਜ਼ ਸਮੱਗਰੀ ਇਕੱਤਰ ਕਰ ਰਹੇ ਸਨ।’’ ਕੁਮਾਰ ਨੇ ਕਿਹਾ ਕਿ ਮੌਡਿਊਲ ਦੇ ਮੈਂਬਰ ਲਖਨਊ ਤੋਂ ਹੀ ਨਹੀਂ ਬਲਕਿ ਕਾਨਪੁਰ ਨਾਲ ਵੀ ਸਬੰਧਤ ਸਨ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਦਹਿਸ਼ਤਗਰਦ ਕਾਕੋਰੀ ਖੇਤਰ ਵਿਚਲੇ ਘਰ ’ਚ ਲੁਕੇ ਹੋਏ ਸਨ। ਏਟੀਐੱਸ ਦੀ ਟੀਮ ਨੂੰ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਸੂਹ ਮਿਲੀ ਸੀ ਤੇ ਪੁਲੀਸ ਵੱਲੋਂ ਪਿਛਲੇ ਇਕ ਹਫ਼ਤੇ ਤੋਂ ਉਨ੍ਹਾਂ ਦੀ ਪੈੜ ਨੱਪੀ ਜਾ ਰਹੀ ਸੀ। ਆਈਜੀ (ਏਟੀਐੱਸ) ਜੀ.ਕੇ.ਗੋਸਵਾਮੀ ਦੀ ਅਗਵਾਈ ਵਾਲੀ ਟੀਮ ਨੇ ਇਲਾਕੇ ਨੂੰ ਘੇਰਾ ਪਾ ਕੇ ਸ਼ਾਹਿਦ ਨਾਂ ਦੇ ਸ਼ਖ਼ਸ ਦੇ ਘਰੋਂ ਦੋਵਾਂ ਦਹਿਸ਼ਤਗਰਦਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਘਰ ਵਿੱਚੋਂ ਦੋ ਪ੍ਰੈੱਸ਼ਰ ਕੁੱਕਰ ਬੰਬ, ਇਕ ਡੈਟੋਨੇਟਰ ਅਤੇ 6 ਤੋਂ 7 ਕਿਲੋ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਅਧਿਕਾਰੀ ਮੁਤਾਬਕ ਬੰਬ ਨਕਾਰਾ ਦਸਤੇ ਨੂੰ ਮੌਕੇ ’ਤੇ ਸੱਦ ਕੇ ਇਹਤਿਆਤ ਵਜੋਂ ਨੇੜਲੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। -ਪੀਟੀਆਈ/ਆਈਏਐੱਨਐੱਸ