* ਠਾਕੁਰ ਦੀਆਂ ਵਿਵਾਦਿਤ ਟਿੱਪਣੀਆਂ ਨੂੰ ਸਦਨ ਦੀ ਕਾਰਵਾਈ ’ਚੋਂ ਕੱਢਣ ਲਈ ਆਖਿਆ
ਨਵੀਂ ਦਿੱਲੀ, 30 ਜੁਲਾਈ
ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਅੱਜ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਬਾਰੇ ਕੀਤੀ ਵਿਵਾਦਿਤ ਟਿੱਪਣੀ ਤੋਂ ਹੇਠਲੇ ਸਦਨ ਵਿਚ ਖਾਸਾ ਰੌਲਾ-ਰੱਪਾ ਪਿਆ। ਰਾਹੁਲ ਗਾਂਧੀ ਨੇ ਠਾਕੁਰ ਉੱਤੇ ਉਨ੍ਹਾਂ ਦੀ ‘ਬੇਇੱਜ਼ਤੀ ਤੇ ਬਦਸਲੂਕੀ’ ਕਰਨ ਦਾ ਦੋਸ਼ ਲਾਇਆ ਹੈ। ਠਾਕੁਰ ਨੇ ਬਜਟ ’ਤੇ ਬਹਿਸ ਦੌਰਾਨ ਬੋਲਦਿਆਂ ਕਿਹਾ ਕਿ ਜਿਨ੍ਹਾਂ ਦੀ ਆਪਣੀ ਜਾਤ ਦਾ ਨਹੀਂ ਪਤਾ, ਉਹ ਜਾਤੀ ਜਨਗਣਨਾ ਦੇ ਮੁੱਦੇ ’ਤੇ ਬੋਲ ਰਹੇ ਹਨ। ਇਸ ’ਤੇ ਕਾਂਗਰਸ ਆਗੂ ਨੇ ਕਿਹਾ ਕਿ ਜੋ ਕੋਈ ਆਦਿਵਾਸੀ, ਦਲਿਤ ਤੇ ਪਛੜਿਆਂ ਦੀ ਗੱਲ ਕਰਦਾ ਹੈ, ਉਸ ਨੂੰ ਗਾਲ੍ਹਾਂ ਮਿਲਦੀਆਂ ਹਨ।
ਠਾਕੁਰ ਵੱਲੋਂ ਕੀਤੀ ਉਪਰੋਕਤ ਟਿੱਪਣੀ ਨੂੰ ਲੈ ਕੇ ਸਦਨ ਵਿਚ ਖਾਸਾ ਹੰਗਾਮਾ ਹੋਇਆ। ਹਾਲਾਂਕਿ ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਜਗਦੰਬਿਕਾ ਪਾਲ ਨੇ ਠਾਕੁਰ ਵੱਲੋਂ ਕੀਤੀਆਂ ਵਿਵਾਦਿਤ ਟਿੱਪਣੀਆਂ ਨੂੰ ਸਦਨ ਦੀ ਕਾਰਵਾਈ ’ਚੋਂ ਹਟਾਉਣ ਲਈ ਆਖ ਦਿੱਤਾ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਕਿਹਾ ਸੀ ਕਿ ਛੇ ਜਣਿਆਂ ਦੇ ਧੜੇ ਨੇ ਪੂਰੇ ਦੇਸ਼ ਨੂੰ ਚੱਕਰਵਿਊ ਵਿਚ ਫਸਾਇਆ ਹੋਇਆ ਹੈ, ਜਿਸ ਨੂੰ ‘ਇੰਡੀਆ’ ਗੱਠਜੋੜ ਤੋੜ ਦੇਵੇਗਾ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇੰਡੀਆ ਗੱਠਜੋੜ ਸਦਨ ਵਿਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਜਾਤੀਗਤ ਜਨਗਣਨਾ ਨੂੰ ਪਾਸ ਕਰਵਾਉਣਾ ਯਕੀਨੀ ਬਣਾਏਗਾ। ਅਨੁਰਾਗ ਠਾਕੁਰ ਨੇ ਅੱਜ ਸਦਨ ਵਿਚ ਬਜਟ ’ਤੇ ਚੱਲ ਰਹੀ ਬਹਿਸ ਦੌਰਾਨ ਕਿਹਾ, ‘‘ਜਿਨ੍ਹਾਂ ਦੀ ਆਪਣੀ ਜਾਤੀ ਦਾ ਨਹੀਂ ਪਤਾ, ਉਹ ਜਾਤੀ ਜਨਗਣਨਾ ਦੀ ਗੱਲ ਕਰਦੇ ਹਨ। ਮੈਂ ਸਪੀਕਰ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇਸੇ ਸਦਨ ਵਿਚ ਇਕ ਸਾਬਕਾ ਪ੍ਰਧਾਨ ਮੰਤਰੀ ਆਰਜੀ-1 (ਰਾਜੀਵ ਗਾਂਧੀ) ਨੇ ਓਬੀਸੀਜ਼ ਲਈ ਰਾਖਵਾਂਕਰਨ ਦਾ ਵਿਰੋਧ ਕੀਤਾ ਸੀ।’’ ਰਾਹੁਲ ਗਾਂਧੀ ਨੇ ਇਸ ਦੇ ਜਵਾਬ ਵਿਚ ਕਿਹਾ, ‘‘ਜੋ ਕੋਈ ਵੀ ਆਦਿਵਾਸੀ, ਦਲਿਤ ਤੇ ਪਛੜਿਆਂ ਦੇ ਮੁੱਦਿਆਂ ਨੂੰ ਚੁੱਕਦਾ ਹੈ, ਉਸ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਮੈਂ ਖ਼ੁਸ਼ੀ ਖ਼ੁਸ਼ੀ ਇਹ ਗਾਲ੍ਹਾਂ ਸਵੀਕਾਰ ਕਰਦਾ ਹਾਂ… ਅਨੁਰਾਗ ਠਾਕੁਰ ਨੇ ਮੈਨੂੰ ਗਾਲ੍ਹਾਂ ਕੱਢੀਆਂ ਤੇ ਮੇਰਾ ਅਪਮਾਨ ਕੀਤਾ। ਪਰ ਮੈਨੂੰ ਉਸ ਕੋਲੋਂ ਕਿਸੇ ਮੁਆਫ਼ੀ ਦੀ ਲੋੜ ਨਹੀਂ।’’ ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦੋਵਾਂ ਆਗੂਆਂ ਦਰਮਿਆਨ ਚੱਲ ਰਹੀ ਨੋਕ-ਝੋਕ ’ਚ ਦਖ਼ਲ ਦਿੰਦਿਆਂ ਅਨੁਰਾਗ ਠਾਕੁਰ ਨੂੰ ਸਵਾਲ ਕੀਤਾ ਕਿ ਕੀ ਕੋਈ ਕਿਸੇ ਵਿਅਕਤੀ ਦੀ ਜਾਤ ਬਾਰੇ ਕਿਵੇਂ ਪੁੱਛ ਸਕਦਾ ਹੈ। ਉਨ੍ਹਾਂ ਭਾਜਪਾ ਆਗੂ ਨੂੰ ਸਵਾਲ ਕੀਤਾ, ‘‘ਤੁਸੀਂ ਜਾਤ ਬਾਰੇ ਕਿਵੇਂ ਪੁੱਛ ਸਕਦੇ ਹੋ…?’’ ਕਾਂਗਰਸ ਪਾਰਟੀ ਨੇ 2024 ਦੀਆਂ ਆਮ ਚੋਣਾਂ ਦੌਰਾਨ ਜਾਤੀ ਜਨਗਣਨਾ ਕਰਵਾਉਣ ਦਾ ਵੀ ਵਾਅਦਾ ਕੀਤਾ ਸੀ। ਅਨੁਰਾਗ ਠਾਕੁਰ ਨੇ ‘ਚੱਕਰਵਿਊ’ ਟਿੱਪਣੀ ਲਈ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸੀ ਐੱਮਪੀ ਸ਼ਸ਼ੀ ਥਰੂਰ ਵੱਲੋਂ ਲਿਖੇ ਨਾਵਲ ‘ਦਿ ਗ੍ਰੇਟ ਇੰਡੀਅਨ ਨਾਵਲ’ ਦੇ ਕੁਝ ਹਿੱਸਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਨਾਵਲ ਕੁਝ ਇਤਿਹਾਸਕ ਤੇ ਸਿਆਸੀ ਵਿਅਕਤੀਆਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮਹਾਭਾਰਤ ਦੇ ਨਾਂਹਦਰੂ ਕਿਰਦਾਰ ਕਾਂਗਰਸ ਨਾਲ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ‘ਐਕਸੀਡੈਂਟਲ ਹਿੰਦੂਜ਼’ (ਇਤਫ਼ਾਕੀਆ ਹਿੰਦੂ) ਹਨ ਤੇ ਉਨ੍ਹਾਂ ਦੀ ਮਹਾਭਾਰਤ ਬਾਰੇ ਜਾਣਕਾਰੀ ਵੀ ‘ਐਕਸੀਡੈਂਟਲ’ (ਇਤਫ਼ਾਕੀਆ) ਹੈ। ਉਨ੍ਹਾਂ ਗਾਂਧੀ ਪਰਿਵਾਰ ’ਤੇ ਕੁਨਬਾਪਰਵਰੀ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਓਬੀਸੀ ਦਾ ਮਤਲਬ ‘ਓਨਲੀ ਫੌਰ ਬ੍ਰਦਰ-ਇਨ-ਲਾਅ ਕਮਿਸ਼ਨ’ ਹੈ। ਠਾਕੁਰ ਨੇ ਕਿਹਾ ਕਿ ਗਾਂਧੀ ਨੇ ਵਿਰੋਧੀ ਧਿਰ ਦੇ ਆਗੂ (ਐੱਲਓਪੀ) ਵਜੋਂ ਆਪਣੀ ਪੁਜ਼ੀਸ਼ਨ ਦਾ ਸ਼ਾਇਦ ‘ਲੀਡਰ ਆਫ਼ ਪ੍ਰਾਪੇਗੰਡਾ’ ਵਜੋਂ ਗ਼ਲਤ ਅਰਥ ਕੱਢ ਲਿਆ ਹੈ। ਉਨ੍ਹਾਂ ਕਿਹਾ ਕਿ ਕਮਲ ਦਾ ਇਕ ਸਮਾਨਅਰਥੀ ਸ਼ਬਦ ‘ਰਾਜੀਵ’(ਰਾਹੁਲ ਗਾਂਧੀ ਦੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ) ਵੀ ਹੈ। ਠਾਕੁਰ ਨੇ ਸਵਾਲ ਕੀਤਾ, ‘‘ਤੁਸੀਂ ਕਮਲ ਨੂੰ ਹਿੰਸਾ ਨਾਲ ਜੋੜਿਆ, ਕੀ ਇਸ ਦਾ ਮਤਲਬ ਹੈ ਕਿ ਤੁਸੀਂ ਰਾਜੀਵ ਨੂੰ ਵੀ ਹਿੰਸਾ ਨਾਲ ਜੋੜਿਆ।’’ -ਪੀਟੀਆਈ
ਅਨੁਰਾਗ ਠਾਕੁਰ ਦੀ ਤਕਰੀਰ ਸੁਣਨ ਵਾਲੀ: ਪ੍ਰਧਾਨ ਮੰਤਰੀ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੀ ਤਕਰੀਰ ਲਈ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ (ਤਕਰੀਰ) ‘ਸੁਣਨ ਵਾਲੀ’ ਹੈ। ਮੋਦੀ ਨੇ ਐਕਸ ’ਤੇ ਕਿਹਾ, ‘‘ਮੇਰੇ ਨੌਜਵਾਨ ਤੇ ਜੋਸ਼ੀਲੇ ਸਾਥੀ ਸ੍ਰੀ ਅਨੁਰਾਗ ਠਾਕੁਰ ਵੱਲੋਂ ਕੀਤੀ ਤਕਰੀਰ ਸੁਣਨ ਵਾਲੀ ਹੈ। ਇਹ ਤੱਥਾਂ ਤੇ ਹਾਸਰਸ ਦਾ ਉੱਤਮ ਸੁਮੇਲ ਹੈ, ਜੋ ਇੰਡੀ ਗੱਠਜੋੜ ਦੀ ਗੰਧਲੀ ਸਿਆਸਤ ਤੋਂ ਪਰਦਾ ਚੁੱਕਦੀ ਹੈ।’’ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਇਕ ਹੋਰ ਪੋਸਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ’ਤੇ ਹੋਈ ਬਹਿਸ ਦੇ ਦਿੱਤੇ ਜਵਾਬ ਲਈ ਉਨ੍ਹਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਐਕਸ ’ਤੇ ਲਿਖਿਆ, ‘‘ਵਿੱਤ ਮੰਤਰੀ ਨੇ ਇਸ ਸਾਲ ਦੇ ਬਜਟ ਦੀ ਬਹੁਤ ਹੀ ਵਿਸਤਰਿਤ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਸਾਡੀ ਸਰਕਾਰ ਦੀ ਵਿਕਾਸ ਤੇ ਸੁਧਾਰਾਂ ਬਾਰੇ ਵਚਨਬੱਧਤਾ ਨੂੰ ਦੁਹਰਾਇਆ ਹੈ।’’ -ਪੀਟੀਆਈ
ਗਾਂਧੀ ਪਰਿਵਾਰ ਦੀ ਜਾਤ ਸ਼ਹਾਦਤ ਹੈ: ਕਾਂਗਰਸ
ਨਵੀਂ ਦਿੱਲੀ:
ਕਾਂਗਰਸ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਜਾਤ ‘ਸ਼ਹਾਦਤ’ ਹੈ ਪਰ ਭਾਜਪਾ-ਆਰਐੱਸਐੱਸ ਨੂੰ ਇਸ ਦੀ ਕਦੇ ਸਮਝ ਨਹੀਂ ਲੱਗ ਸਕਦੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸਮਾਜਿਕ-ਆਰਥਿਕ ਜਾਤੀ ਜਨਗਣਨਾ ਦੇਸ਼ ਦੇ 80 ਫੀਸਦ ਲੋਕਾਂ ਦੀ ਮੰਗ ਹੈ। ਅੱਜ ਸੰਸਦ ਵਿਚ ਕਿਹਾ ਗਿਆ ਕਿ ਜਿਨ੍ਹਾਂ ਦੀ ਆਪਣੀ ਜਾਤ ਦਾ ਪਤਾ ਨਹੀਂ ਹੁੰਦਾ, ਉਹ ਜਾਤੀ ਜਨਗਣਨਾ ਦੀ ਗੱਲ ਕਰਦੇ ਹਨ।’’ ਉਨ੍ਹਾਂ ਸਵਾਲ ਕੀਤਾ ਕਿ ਕੀ ਹੁਣ ਸੰਸਦ ਵਿਚ ਦੇਸ਼ ਦੀ 80 ਫੀਸਦ ਆਬਾਦੀ ਨੂੰ ਗਾਲ੍ਹਾਂ ਕੱਢੀਆਂ ਜਾਣਗੀਆਂ। ਪ੍ਰਿਯੰਕਾ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਫਾਈ ਦੇਣੀ ਚਾਹੀਦੀ ਹੈ ਕਿ ਕੀ ਇਹ ਸਭ ਉਨ੍ਹਾਂ ਦੇ ਕਹਿਣ ’ਤੇ ਹੋਇਆ ਹੈ।’’ ਕਾਂਗਰਸ ਦੇ ਮੀਡੀਆ ਤੇ ਪਬਲਿਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਠਾਕੁਰ ਵੱਲੋਂ ਰਾਹੁਲ ਗਾਂਧੀ ਲਈ ਵਰਤੇ ਸ਼ਬਦ ਲੋਕਾਂ ਅੰਦਰ ਗੂੰਜ ਰਹੇ ਹਨ ਤੇ ਉਹ ਇਸ ਨੂੰ ਲੈ ਕੇ ਗੁੱਸੇ ਵਿਚ ਹਨ। -ਪੀਟੀਆਈ