ਮੁੰਬਈ, 18 ਸਤੰਬਰ
ਕੰਗਨਾ ਰਣੌਤ ਦੀ ਟਿੱਪਣੀ ਖ਼ਿਲਾਫ਼ ਸਮਰਥਨ ਦੇਣ ਵਾਲਿਆਂ ਦਾ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਧੰਨਵਾਦ ਕੀਤਾ ਹੈ। ਕੰਗਨਾ ਨੇ ਉਰਮਿਲਾ ਨੂੰ ‘ਸੌਫ਼ਟ ਪੋਰਨ ਸਟਾਰ’ ਕਿਹਾ ਸੀ। ਉਰਮਿਲਾ ਨੇ ਕਿਹਾ ਕਿ ਉਸ ਦੀ ਹਮਾਇਤ ਕਰਨ ਵਾਲੇ ‘ਭਾਰਤ ਦੇ ਅਸਲ ਲੋਕਾਂ’ ਦਾ ਉਹ ਸ਼ੁਕਰੀਆ ਅਦਾ ਕਰਦੀ ਹੈ। ਰਣੌਤ ਦੇ ਇਸ ਦਾਅਵੇ ਕਿ ਫ਼ਿਲਮ ਸਨਅਤ ਤੇ ਬੌਲੀਵੁੱਡ ਵਿਚ ਭਾਈ-ਭਤੀਜਾਵਾਦ ਨਸ਼ੇ ਦੀ ਸਮੱਸਿਆ ਨਾਲ ਜੁੜਿਆ ਹੋਇਆ ਹੈ, ਦੀ ਮਾਤੋਂਡਕਰ ਨੇ ਨਿਖੇਧੀ ਕਰਦਿਆਂ ਦਾਅਵਿਆਂ ਨੂੰ ਰੱਦ ਕੀਤਾ ਸੀ। ਜਵਾਬ ਵਿਚ ਰਣੌਤ ਨੇ ਕਿਹਾ ਸੀ ਕਿ ਮਾਤੋਂਡਕਰ ਜੋ ਕਿ ਨੱਬੇ ਦੇ ਦਹਾਕੇ ਦੀ ਵੱਡੀ ਸਟਾਰ ਰਹੀ ਹੈ, ‘ਸੌਫ਼ਟ ਪੋਰਨ ਸਟਾਰ ਸੀ’, ਉਸ ਨੂੰ ਅਦਾਕਾਰੀ ਲਈ ਨਹੀਂ ਸੀ ਜਾਣਿਆ ਜਾਂਦਾ। ਰਣੌਤ ਨੇ ਇਹ ਟਿੱਪਣੀਆਂ ਇਕ ਪ੍ਰਾਈਵੇਟ ਖ਼ਬਰ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤੀਆਂ ਸਨ। ਕੰਗਨਾ ਰਣੌਤ ਦੀ ਇਸ ਟਿੱਪਣੀ ਦੀ ਰਾਮ ਗੋਪਾਲ ਵਰਮਾ, ਅਨੁਭਵ ਸਿਨਹਾ, ਸਵਰਾ ਭਾਸਕਰ, ਪੂਜਾ ਭੱਟ, ਸਿਆਨੀ ਗੁਪਤਾ ਤੇ ਪਟਕਥਾ ਲੇਖਕ ਕਨਿਕਾ ਢਿੱਲੋਂ ਤੇ ਹੋਰਾਂ ਨੇ ਨਿਖੇਧੀ ਕੀਤੀ ਹੈ। ਉਰਮਿਲਾ ਨੇ ਟਵੀਟ ਕੀਤਾ ‘ਮੇਰੇ ਨਾਲ ਖੜ੍ਹਨ ਲਈ ਮੈਂ ਭਾਰਤ ਦੇ ਅਸਲ ਲੋਕਾਂ, ਨਿਰਪੱਖ ਮੀਡੀਆ ਦਾ ਧੰਨਵਾਦ ਕਰਦੀ ਹਾਂ। ਇਹ ਨਕਲੀ ਪ੍ਰਾਪੇਗੰਡਾ, ਫ਼ਰਜ਼ੀ ਆਈਟੀ ਟਰੋਲਿੰਗ ਉਤੇ ਤੁਹਾਡੀ ਜਿੱਤ ਹੈ।’ -ਪੀਟੀਆਈ