ਵਾਸ਼ਿੰਗਟਨ, 8 ਜੁਲਾਈ
ਅਮਰੀਕਾ ਦੀ ਸੰਘੀ ਸੰਸਥਾ ਨੇ ਭਾਰਤ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਸ ਵੱਲੋਂ ਜਾਣਬੁੱਝ ਕੇ ਕੀਤੀ ਗਈ ਅਣਗਹਿਲੀ ਕਾਰਨ ਪਾਦਰੀ ਸਟੈਨ ਸਵਾਮੀ (84) ਦੀ ਮੌਤ ਹੋਈ ਹੈ। ਸਵਾਮੀ ਨੂੰ ਐਲਗਾਰ ਪਰਿਸ਼ਦ-ਮਾਓਵਾਦੀਆਂ ਨਾਲ ਸਬੰਧਾਂ ਦੇ ਕੇਸ ’ਚ ਯੂਏਪੀਏ ਤਹਿਤ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਸੋਮਵਾਰ ਨੂੰ ਮੁੰਬਈ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ।
ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਦੇ ਮੁਖੀ ਨੈਡਾਈਨ ਮਾਏਂਜ਼ਾ ਨੇ ਬੁੱਧਵਾਰ ਨੂੰ ਬਿਆਨ ’ਚ ਕਿਹਾ,‘‘ਫਾਦਰ ਸਟੈਨ ਸਵਾਮੀ ਦੀ ਮੌਤ ਨੰਗਾ-ਚਿੱਟਾ ਸੱਚ ਹੈ ਕਿ ਭਾਰਤ ਦੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕਮਿਸ਼ਨ ਭਾਰਤ ਸਰਕਾਰ ਦੀ ਅਣਗਹਿਲੀ ਅਤੇ ਜਾਣਬੁੱਝ ਕੇ ਨਿਸ਼ਾਨਾ ਬਣਾ ਕੇ ਕੀਤੀ ਗਈ ਕਾਰਵਾਈ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹੈ ਜਿਸ ਕਾਰਨ ਪਾਦਰੀ ਸਟੈਨ ਸਵਾਮੀ ਦੀ ਮੌਤ ਹੋਈ।
ਮਾਏਂਜ਼ਾ ਨੇ ਅਮਰੀਕਾ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ’ਚ ਭਾਰਤ ਸਰਕਾਰ ਨੂੰ ਜਵਾਬਦੇਹ ਮੰਨੇ ਅਤੇ ਅਮਰੀਕਾ ਤੇ ਭਾਰਤ ਦੇ ਦੁਵੱਲੇ ਸਬੰਧਾਂ ’ਚ ਧਾਰਮਿਕ ਆਜ਼ਾਦੀ ਦੀਆਂ ਚਿੰਤਾਵਾਂ ਦਾ ਮੁੱਦਾ ਉਭਾਰੇ। ਉਧਰ ਸਵਾਮੀ ਦੀ ਮੌਤ ਦੇ ਮਾਮਲੇ ’ਚ ਕੌਮਾਂਤਰੀ ਪੱਧਰ ’ਤੇ ਹੋ ਰਹੀ ਆਲੋਚਨਾ ਨੂੰ ਰੱਦ ਕਰਦਿਆਂ ਭਾਰਤ ਨੇ ਕਿਹਾ ਸੀ ਕਿ ਸਬੰਧਤ ਅਧਿਕਾਰੀਆਂ ਨੇ ਕਾਨੂੰਨ ਦੀ ਉਲੰਘਣਾ ਖ਼ਿਲਾਫ਼ ਕਾਰਵਾਈ ਕੀਤੀ ਅਤੇ ਕਾਨੂੰਨ ’ਚ ਮਿਲਦੇ ਹੱਕਾਂ ’ਤੇ ਕੋਈ ਰੋਕ ਨਹੀਂ ਲਾਈ ਸੀ। ਯੂਐੱਸਸੀਆਈਆਰਐੱਫ ਕਮਿਸ਼ਨਰ ਅਨੁਰਿਮਾ ਭਾਰਗਵ ਨੇ ਕਿਹਾ ਕਿ ਸਵਾਮੀ ਦੀ ਮੌਤ ਦਾ ਕਮਿਸ਼ਨ ਨੂੰ ਡੂੰਘਾ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਸਟੈਨ ਸਵਾਮੀ ਭਾਰਤ ’ਚ ਨੀਵੀਆਂ ਜਾਤਾਂ ਅਤੇ ਗਰੀਬ ਲੋਕਾਂ ਦੇ ਹੱਕਾਂ ਲਈ ਕਈ ਸਾਲਾਂ ਤੱਕ ਲੜਦੇ ਰਹੇ। ‘ਪਾਦਰੀ ਸਵਾਮੀ ਦੀ ਭਾਰਤੀ ਅਧਿਕਾਰੀਆਂ ਦੀ ਹਿਰਾਸਤ ’ਚ ਮੌਤ ਹੋਈ ਜਿਨ੍ਹਾਂ ਆਦਿਵਾਸੀਆਂ ਅਤੇ ਹੋਰ ਨੀਵੀਆਂ ਜਾਤਾਂ, ਧਾਰਮਿਕ ਅਤੇ ਗਰੀਬ ਭਾਈਚਾਰਿਆਂ ਦੇ ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ’ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।’ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਢੁੱਕਵੇਂ ਸਬੂਤਾਂ ਦੀ ਘਾਟ, ਲਗਾਤਾਰ ਸਿਹਤ ਵਿਗੜਨ ਅਤੇ ਰਿਹਾਈ ਲਈ ਆਲਮੀ ਪੱਧਰ ’ਤੇ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਭਾਰਤ ਸਰਕਾਰ ਨੇ ਸਟੈਨ ਸਵਾਮੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਬਿਨਾਂ ਕਿਸੇ ਮੁਕੱਦਮੇ ਦੇ ਜੇਲ੍ਹ ’ਚ ਡੱਕਿਆ ਹੋਇਆ ਸੀ। ਇਸ ਤੋਂ ਪਹਿਲਾਂ ਯੂਐੱਸਸੀਆਈਆਰਐੱਫ ਵੱਲੋਂ ਘੱਟ ਗਿਣਤੀਆਂ ਦੀ ਹਾਲਤ ਅਤੇ ਧਾਰਮਿਕ ਆਜ਼ਾਦੀ ਬਾਰੇ ਕੀਤੀ ਗਈਆਂ ਟਿੱਪਣੀਆਂ ਨੂੰ ਭਾਰਤ ਸਰਕਾਰ ਨੇ ਨਕਾਰ ਦਿੱਤਾ ਸੀ। -ਪੀਟੀਆਈ