ਵਾਸ਼ਿੰਗਟਨ, 4 ਮਈ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਕੁਝ ਸ਼੍ਰੇਣੀਆਂ ਦੇ ਪਰਵਾਸੀਆਂ ਨੂੰ ਮਿਆਦ ਪੁੱਗਣ ਤੋਂ ਬਾਅਦ ਡੇਢ ਸਾਲ ਲਈ ‘ਵਰਕ ਪਰਮਿਟ’ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸ਼੍ਰੇਣੀ ਵਿੱਚ ਗ੍ਰੀਨ ਕਾਰਡ ਦੀ ਮੰਗ ਕਰਨ ਵਾਲੇ ਲੋਕ ਅਤੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਸ਼ਾਮਲ ਹਨ। ਇਸ ਨਾਲ ਹਜ਼ਾਰਾਂ ਭਾਰਤੀਆਂ ਨੂੰ ਰਾਹਤ ਮਿਲੀ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਇਹ ਹੁਕਮ 4 ਮਈ 2022 ਤੋਂ ਲਾਗੂ ਹੋਵੇਗਾ। ਸੁਰੱਖਿਆ ਵਿਭਾਗ ਅਨੁਸਾਰ ਮੌਜੂਦਾ ਰੁਜ਼ਗਾਰ ਅਧਿਕਾਰ ਕਾਰਡ (ਈਏਡੀ) ‘ਤੇ ਦੱਸੀ ਗਈ ਮਿਆਦ ਪੁੱਗਣ ਦੀ ਮਿਤੀ ਤੋਂ ਇਸ ਦੀ ਮਿਆਦ ਆਪਣੇ ਆਪ 180 ਦਿਨਾਂ ਤੋਂ 540 ਦਿਨਾਂ ਤੱਕ ਵੱਧ ਜਾਵਗੀ। ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾ ਅਜੈ ਜੈਨ ਭੂਟੋਰੀਆ ਨੇ ਕਿਹਾ ਕਿ ਨਿਯਮ ਵਿੱਚ ਤਬਦੀਲੀ ਨਾਲ 87,000 ਪਰਵਾਸੀਆਂ ਦੀ ਮਦਦ ਕਰੇਗੀ, ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਪੁੱਗ ਚੁੱਕੀ ਹੈ ਜਾਂ ਅਗਲੇ 30 ਦਿਨਾਂ ਵਿੱਚ ਖਤਮ ਹੋਣ ਵਾਲੀ ਹੈ।